ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿੱਢੀ ਗਈ ਮੁਹਿੰਮ ਤਹਿਤ ਹੁਣ ਸੜਕਾਂ ਦੀ ਗੁਣਵੱਤਾ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਪੰਜਾਬ ਭਰ ਵਿੱਚ ਸੜਕਾਂ ਦੀ ਕਾਇਆ-ਕਲਪ ਦੇ ਨਾਲ-ਨਾਲ ਕੰਮ ਵਿੱਚ ਪਾਰਦਰਸ਼ਤਾ ਅਤੇ ਮਿਆਰ ਨੂੰ ਯਕੀਨੀ ਬਣਾਉਣ ਲਈ CM ਫਲਾਇੰਗ ਸਕੁਐਡ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਵੀਆਂ ਬਣੀਆਂ ਸੜਕਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ
ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ: ਇਨ੍ਹਾਂ ਪਿੰਡਾਂ ‘ਚ ਹੋਈ ਜਾਂਚ
ਮਾਨ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਫਲਾਇੰਗ ਸਕੁਐਡ ਦੀਆਂ ਟੀਮਾਂ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਦੌਰਾ ਕੀਤਾ। ਜਾਂਚ ਦੌਰਾਨ ਸੜਕਾਂ ਦੇ ਨਿਰਮਾਣ ਵਿੱਚ ਵਰਤੇ ਗਏ ਮਟੀਰੀਅਲ ਦੀ ਕੁਆਲਿਟੀ ਨੂੰ ਪਰਖਿਆ ਗਿਆ। ਮੁੱਖ ਤੌਰ ‘ਤੇ ਹੇਠ ਲਿਖੇ ਇਲਾਕਿਆਂ ਵਿੱਚ ਚੈਕਿੰਗ ਕੀਤੀ ਗਈ:
- ਲੁਧਿਆਣਾ: ਪਿੰਡ ਐਤੀਆਣਾ ਅਤੇ ਬੜੈਚ।
- ਬਟਾਲਾ: ਗ੍ਰੰਥਗੜ੍ਹ ਇਲਾਕਾ।
- ਗੁਰਦਾਸਪੁਰ: ਰੂੜਾ ਬੁੱਟਰ ਅਤੇ ਰੱਤੋਵਾਲ।
- ਲਿੰਕ ਰੋਡ: ਰੱਤੋਵਾਲ-ਅੱਬੂਵਾਲ ਲਿੰਕ ਰੋਡ।
- ਬਰਨਾਲਾ: ਸ਼ਹਿਰੀ ਅਤੇ ਪੇਂਡੂ ਖੇਤਰ ਦੀਆਂ ਸੜਕਾਂ।
- ਫਤਹਿਗੜ੍ਹ ਸਾਹਿਬ ਤੇ ਹੋਰ: ਪੰਜੋਲਾ-ਹਸਨਪੁਰ-ਛਲੇੜੀ ਖੁਰਦ-ਸੇਹਰਾ ਰੋਡ ਅਤੇ ਜਖਵਾਲੀ-ਮੁੱਲੇਪੁਰ ਰੋਡ।
ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼
ਜਾਂਚ ਦੌਰਾਨ ਸਕੁਐਡ ਨੇ ਮੌਕੇ ‘ਤੇ ਮੌਜੂਦ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਸਪੱਸ਼ਟ ਕੀਤਾ ਕਿ ਸੜਕਾਂ ਦੀ ਗੁਣਵੱਤਾ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਨਿਰਮਾਣ ਕਾਰਜਾਂ ਦੌਰਾਨ ਤੈਅ ਕੀਤੇ ਗਏ ਮਿਆਰਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਤਾਂ ਜੋ ਜਨਤਾ ਦੇ ਪੈਸੇ ਦੀ ਸਹੀ ਵਰਤੋਂ ਹੋ ਸਕੇ
ਲੋਕਾਂ ਨੂੰ ਮਿਲੇਗੀ ਵੱਡੀ ਰਾਹਤ
ਪੰਜਾਬ ਸਰਕਾਰ ਦੇ ਇਸ ਇਤਿਹਾਸਿਕ ਸੜਕੀ ਪ੍ਰੋਜੈਕਟ ਨਾਲ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਸੰਪਰਕ ਵਿੱਚ ਸੁਧਾਰ ਹੋਵੇਗਾ। ਸੜਕਾਂ ਦੀ ਹਾਲਤ ਸੁਧਰਨ ਨਾਲ ਜਿੱਥੇ ਹਾਦਸਿਆਂ ਵਿੱਚ ਕਮੀ ਆਵੇਗੀ, ਉੱਥੇ ਹੀ ਕਿਸਾਨਾਂ ਅਤੇ ਵਪਾਰੀਆਂ ਨੂੰ ਆਪਣੇ ਸਾਮਾਨ ਦੀ ਢੋਆ-ਢੁਆਈ ਵਿੱਚ ਵੀ ਵੱਡੀ ਸਹੂਲਤ ਮਿਲੇਗੀ

