ਏਸ਼ੀਆਈ ਖੇਡਾਂ ’ਚ ਭਾਰਤੀ ਮਹਿਲਾ ਹਾਕੀ ਟੀਮ ਦਾ ਇਤਿਹਾਸਕ ਸੋਨਾ, ਪੰਜਾਬ ਦੀ ਧੀ ਬਲਜੀਤ ਕੌਰ ਨੂੰ ਮਿਲੇਗਾ ₹1 ਕਰੋੜ

  • ਚੀਨ ਨੂੰ 1-0 ਨਾਲ ਹਰਾ ਕੇ 44 ਸਾਲ ਬਾਅਦ ਭਾਰਤ ਨੇ ਰਚਿਆ ਇਤਿਹਾਸ, CM ਭਗਵੰਤ ਮਾਨ ਨੇ ਟੀਮ ਨੂੰ ਦਿੱਤੀ ਵਧਾਈ

ਏਸ਼ੀਆਈ ਖੇਡਾਂ 2026 ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਤਿਹਾਸ ਰਚ ਦਿੱਤਾ ਹੈ। ਭਾਰਤ ਨੇ ਫਾਈਨਲ ਮੁਕਾਬਲੇ ਵਿੱਚ ਚੀਨ ਨੂੰ 1-0 ਨਾਲ ਹਰਾ ਕੇ 44 ਸਾਲ ਬਾਅਦ ਮਹਿਲਾ ਹਾਕੀ ਵਿੱਚ ਏਸ਼ੀਆਈ ਖੇਡਾਂ ਦਾ ਸੋਨ ਤਮਗਾ ਆਪਣੇ ਨਾਮ ਕੀਤਾ। ਭਾਰਤ ਨੇ ਆਖਰੀ ਵਾਰ 1982 ਵਿੱਚ ਇਹ ਖਿਤਾਬ ਜਿੱਤਿਆ ਸੀ।

ਫਾਈਨਲ ਵਿੱਚ ਭਾਰਤ ਵੱਲੋਂ ਲਾਲਰੇਮਸਿਆਮੀ ਨੇ 10ਵੇਂ ਮਿੰਟ ਵਿੱਚ ਸ਼ਾਨਦਾਰ ਗੋਲ ਕਰਕੇ ਟੀਮ ਨੂੰ ਬੜ੍ਹਤ ਦਿਵਾਈ। ਇਸ ਤੋਂ ਬਾਅਦ ਭਾਰਤੀ ਖਿਡਾਰਨਾਂ ਨੇ ਮਜ਼ਬੂਤ ਰੱਖਿਆ ਦਾ ਪ੍ਰਦਰਸ਼ਨ ਕਰਦਿਆਂ ਚੀਨ ਨੂੰ ਬਰਾਬਰੀ ਦਾ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ। ਗੋਲਕੀਪਰ ਸਵਿਤਾ ਪੁਨੀਆ ਨੇ ਵੀ ਪੈਨਲਟੀ ਸਟ੍ਰੋਕ ਰੋਕ ਕੇ ਭਾਰਤ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।

ਇਸ ਇਤਿਹਾਸਕ ਜਿੱਤ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਨੇ 2028 ਲਾਸ ਏਂਜਲਸ ਓਲੰਪਿਕ ਲਈ ਸਿੱਧੀ ਕੁਆਲੀਫਿਕੇਸ਼ਨ ਵੀ ਹਾਸਲ ਕਰ ਲਈ ਹੈ।

ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੂਰੇ ਦੇਸ਼ ਨੂੰ ਇਸ ਇਤਿਹਾਸਕ ਪ੍ਰਾਪਤੀ ’ਤੇ ਮਾਣ ਹੈ।

CM ਮਾਨ ਨੇ ਖਾਸ ਤੌਰ ’ਤੇ ਪੰਜਾਬ ਦੀ ਧੀ ਬਲਜੀਤ ਕੌਰ ਦੇ ਟੀਮ ਦਾ ਹਿੱਸਾ ਹੋਣ ’ਤੇ ਮਾਣ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਖੇਡ ਨੀਤੀ ਤਹਿਤ ਬਲਜੀਤ ਕੌਰ ਨੂੰ ₹1 ਕਰੋੜ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਪੂਰੀ ਭਾਰਤੀ ਟੀਮ ਅਤੇ ਬਲਜੀਤ ਕੌਰ ਨੂੰ ਇਸ ਇਤਿਹਾਸਕ ਜਿੱਤ ਲਈ ਵਧਾਈ ਦਿੰਦਿਆਂ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।