ਲੁਧਿਆਣਾ: ਪੰਜਾਬ ਦੇ ਉਦਯੋਗਿਕ ਖੇਤਰ ਨੂੰ ਵੱਡਾ ਹੁਲਾਰਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਲੁਧਿਆਣਾ ਵਿੱਚ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੇ ਅਤਿ-ਆਧੁਨਿਕ ਫੋਰਜਿੰਗ ਪਲਾਂਟ ਦਾ ਨੀਂਹ ਪੱਥਰ ਰੱਖਿਆ। ਕਰੀਬ 1,100 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਇਹ ਪ੍ਰੋਜੈਕਟ ਸੂਬੇ ਦੀ ਉਦਯੋਗਿਕ ਤਰੱਕੀ ਨੂੰ ਨਵੀਂ ਦਿਸ਼ਾ ਦੇਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਪਲਾਂਟ ਪੰਜਾਬ ਦੇ ਉਦਯੋਗਿਕ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ। ਇਸ ਪ੍ਰੋਜੈਕਟ ਨਾਲ ਲਗਭਗ 500 ਲੋਕਾਂ ਨੂੰ ਸਿੱਧਾ ਰੋਜ਼ਗਾਰ ਮਿਲੇਗਾ, ਜਦਕਿ ਸਹਾਇਕ ਉਦਯੋਗਾਂ ਰਾਹੀਂ ਹਜ਼ਾਰਾਂ ਹੋਰ ਲੋਕਾਂ ਨੂੰ ਅਪਰੋਕਸ਼ ਤੌਰ ‘ਤੇ ਰੋਜ਼ਗਾਰ ਦੇ ਮੌਕੇ ਮਿਲਣਗੇ।
ਪੰਜਾਬ ‘ਚ ਮੁੜ ਵਧਿਆ ਉਦਯੋਗਿਕ ਭਰੋਸਾ
ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਵੱਡੇ ਉਦਯੋਗਿਕ ਪ੍ਰੋਜੈਕਟਾਂ ਦਾ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਨਿਵੇਸ਼ਕਾਂ ਦਾ ਪੰਜਾਬ ਦੀ ਅਰਥਵਿਵਸਥਾ ‘ਤੇ ਭਰੋਸਾ ਮੁੜ ਵਧ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਨੌਕਰਸ਼ਾਹੀ ਦੀਆਂ ਰੁਕਾਵਟਾਂ ਅਤੇ ਭ੍ਰਿਸ਼ਟਾਚਾਰ ਕਾਰਨ ਕਈ ਉਦਯੋਗ ਹੋਰ ਸੂਬਿਆਂ ਵੱਲ ਰੁਖ ਕਰ ਰਹੇ ਸਨ। ਮੰਡੀ ਗੋਬਿੰਦਗੜ੍ਹ ਵਰਗੇ ਉਦਯੋਗਿਕ ਖੇਤਰਾਂ ਨੂੰ ਵੀ ਇਸ ਦਾ ਨੁਕਸਾਨ ਝੱਲਣਾ ਪਿਆ। ਪਰ ਹੁਣ ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ ਕਾਰਨ ਹਾਲਾਤ ਬਦਲ ਰਹੇ ਹਨ।
ਜਪਾਨੀ ਕੰਪਨੀ ਨੇ ਵਧਾਇਆ ਨਿਵੇਸ਼
ਮੁੱਖ ਮੰਤਰੀ ਨੇ ਦੱਸਿਆ ਕਿ ਇਹ ਪ੍ਰੋਜੈਕਟ ਪਹਿਲਾਂ 500 ਕਰੋੜ ਰੁਪਏ ਦੇ ਸਾਂਝੇ ਨਿਵੇਸ਼ ਨਾਲ ਸ਼ੁਰੂ ਕਰਨ ਦੀ ਯੋਜਨਾ ਸੀ, ਜਿਸ ਵਿੱਚ ਇੱਕ ਜਪਾਨੀ ਕੰਪਨੀ ਅਤੇ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਸ਼ਾਮਲ ਸਨ।
ਪੰਜਾਬ ਦੇ ਬਦਲੇ ਹੋਏ ਉਦਯੋਗਿਕ ਮਾਹੌਲ ਅਤੇ ਨਿਵੇਸ਼ ਲਈ ਅਨੁਕੂਲ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕੰਪਨੀ ਨੇ ਆਪਣਾ ਨਿਵੇਸ਼ ਵਧਾ ਕੇ 1,100 ਕਰੋੜ ਰੁਪਏ ਕਰ ਦਿੱਤਾ।
ਦੇਸ਼ ਦੀਆਂ ਸਭ ਤੋਂ ਆਧੁਨਿਕ ਯੂਨਿਟਾਂ ‘ਚੋਂ ਇੱਕ ਹੋਵੇਗਾ ਪਲਾਂਟ
CM ਭਗਵੰਤ ਮਾਨ ਨੇ ਕਿਹਾ ਕਿ ਇਹ ਫੋਰਜਿੰਗ ਪਲਾਂਟ ਦੇਸ਼ ਦੀਆਂ ਸਭ ਤੋਂ ਆਧੁਨਿਕ ਇਕਾਈਆਂ ਵਿੱਚੋਂ ਇੱਕ ਹੋਵੇਗਾ। ਇੱਥੇ ਤਿਆਰ ਹੋਣ ਵਾਲੇ ਉਤਪਾਦ ਨਾ ਸਿਰਫ਼ ਭਾਰਤੀ ਬਾਜ਼ਾਰ ਦੀਆਂ ਜ਼ਰੂਰਤਾਂ ਪੂਰੀ ਕਰਨਗੇ, ਸਗੋਂ ਵਿਦੇਸ਼ਾਂ ਵਿੱਚ ਵੀ ਐਕਸਪੋਰਟ ਕੀਤੇ ਜਾਣਗੇ। ਇਸ ਨਾਲ ਪੰਜਾਬ ਦੀ ਮੈਨੂਫੈਕਚਰਿੰਗ ਸਮਰੱਥਾ ਅਤੇ ਨਿਰਯਾਤ ਖੇਤਰ ਨੂੰ ਹੋਰ ਮਜ਼ਬੂਤੀ ਮਿਲੇਗੀ।
ਉਦਯੋਗਪਤੀਆਂ ਨੂੰ CM ਦਾ ਭਰੋਸਾ
ਮੁੱਖ ਮੰਤਰੀ ਨੇ ਉਦਯੋਗਪਤੀਆਂ ਨੂੰ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਉਨ੍ਹਾਂ ਨੂੰ ਪਾਰਦਰਸ਼ੀ ਅਤੇ ਬਿਨਾਂ ਰੁਕਾਵਟਾਂ ਵਾਲਾ ਕਾਰੋਬਾਰੀ ਮਾਹੌਲ ਦੇਣ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਸਰਕਾਰੀ ਅਧਿਕਾਰੀ ਬਿਨਾਂ ਕਾਰਨ ਰੁਕਾਵਟ ਪੈਦਾ ਕਰਦਾ ਹੈ ਤਾਂ ਉਦਯੋਗਪਤੀ ਸਿੱਧਾ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਦੀ ਨਵੀਂ ਉਦਯੋਗਿਕ ਨੀਤੀ ਉਦਯੋਗਪਤੀਆਂ ਦੀ ਸਲਾਹ ਨਾਲ ਤਿਆਰ ਕੀਤੀ ਗਈ ਹੈ ਅਤੇ ਇਸ ਵਿੱਚ ਸਿੰਗਲ ਵਿੰਡੋ ਕਲੀਅਰੈਂਸ ਸਿਸਟਮ ਲਾਗੂ ਕੀਤਾ ਗਿਆ ਹੈ।
45 ਦਿਨਾਂ ‘ਚ ਮਿਲਣਗੀਆਂ ਮਨਜ਼ੂਰੀਆਂ
ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਜ਼ਮੀਨ ਦੀ ਵਰਤੋਂ, ਜੰਗਲਾਤ ਅਤੇ ਪ੍ਰਦੂਸ਼ਣ ਨਿਯੰਤਰਣ ਨਾਲ ਸਬੰਧਤ ਮਨਜ਼ੂਰੀਆਂ ਲੈਣ ਵਿੱਚ ਕਈ ਮਹੀਨੇ ਲੱਗ ਜਾਂਦੇ ਸਨ, ਜਿਸ ਕਾਰਨ ਨਿਵੇਸ਼ਕ ਹਿਚਕਚਾਉਂਦੇ ਸਨ।
ਹੁਣ ਸਰਕਾਰ ਨੇ ਪ੍ਰਕਿਰਿਆ ਨੂੰ ਸੌਖਾ ਕਰ ਦਿੱਤਾ ਹੈ ਅਤੇ ਸਾਰੀਆਂ ਮੁੱਖ ਮਨਜ਼ੂਰੀਆਂ 45 ਦਿਨਾਂ ਦੇ ਅੰਦਰ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਨਾਲ ਪ੍ਰੋਜੈਕਟ ਜਲਦੀ ਸ਼ੁਰੂ ਹੋ ਸਕਦੇ ਹਨ।
ਪੰਜਾਬ ‘ਚ ਉਦਯੋਗਿਕ ਵਿਕਾਸ ਦਾ ਨਵਾਂ ਦੌਰ
ਟਾਟਾ ਸਟੀਲ ਅਤੇ ਹੁਣ ਵਰਧਮਾਨ ਸਪੈਸ਼ਲ ਸਟੀਲਜ਼ ਵੱਲੋਂ ਕੀਤੇ ਜਾ ਰਹੇ ਵੱਡੇ ਨਿਵੇਸ਼ਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਉਦਯੋਗਿਕ ਵਿਕਾਸ ਦੇ ਨਵੇਂ ਪੜਾਅ ਵਿੱਚ ਦਾਖਲ ਹੋ ਰਿਹਾ ਹੈ।
ਉਨ੍ਹਾਂ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਸਥਾਨਕ ਨੌਜਵਾਨਾਂ ਨੂੰ ਰੋਜ਼ਗਾਰ ਦੇਣ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਹੈ ਕਿ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ਵਿੱਚ ਨਸ਼ੇ ਨਹੀਂ, ਸਗੋਂ ਰੋਜ਼ਗਾਰ ਹੋਵੇ