ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿੱਚ ਕਾਂਗਰਸ ਦੇ ਜ਼ਿਲ੍ਹਾ ਉਪ ਪ੍ਰਧਾਨ ਅਨੀਸੁਰ ਰਹਿਮਾਨ ਅਤੇ ਉਨ੍ਹਾਂ ਦੇ ਪੁੱਤਰ ਅਬੂ ਸੁਫੀਆਨ ਰਹਿਮਾਨ ਦੀ ਸ਼ਨੀਵਾਰ ਰਾਤ ਨੂੰ ਨਾਕਾਸ਼ੀਪਾਰਾ ਅੰਡਰਪਾਸ ਨੇੜੇ ਕਥਿਤ ਤੌਰ ਉਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪਿਤਾ ਅਤੇ ਪੁੱਤਰ ਕਾਰ ਰਾਹੀਂ ਆਪਣੇ ਘਰ ਵਾਪਸ ਪਰਤ ਰਹੇ ਸਨ। ਪੁਲਿਸ ਨੇ ਗੋਲੀਆਂ ਦੇ ਨਿਸ਼ਾਨਾਂ ਨਾਲ ਛਲਣੀ ਹੋਈ ਗੱਡੀ ਨੂੰ ਜ਼ਬਤ ਕਰ ਲਿਆ ਹੈ।
ਇਸ ਸਨਸਨੀਖੇਜ਼ ਮਾਮਲੇ ਵਿੱਚ ਪੁਲਿਸ ਨੇ ਹਰਨਗਰ ਗ੍ਰਾਮ ਪੰਚਾਇਤ ਦੀ ਮੁਖੀ ਫਾਤਿਮਾ ਬੀਬੀ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਜੇਲ੍ਹ ਵਿੱਚ ਬੰਦ ਉਸ ਦੇ ਪਤੀ ਜੱਬਰ ਸ਼ੇਖ ਨੂੰ ਇਸ ਸਾਜ਼ਿਸ਼ ਦਾ ਮਾਸਟਰਮਿੰਡ ਦੱਸਿਆ ਜਾ ਰਿਹਾ ਹੈ। ਕ੍ਰਿਸ਼ਨਨਗਰ ਪੁਲਿਸ ਜ਼ਿਲ੍ਹੇ ਦੇ ਵਧੀਕ ਪੁਲਿਸ ਸੁਪਰਡੈਂਟ (ਦਿਹਾਤੀ) ਸੁਰਜੀਤ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਵਿਸਤ੍ਰਿਤ ਜਾਂਚ ਜਾਰੀ ਹੈ।
