ਮੌਤ ਨੂੰ ਮਾਤ: ਜ਼ਹਿਰੀਲੇ ਸੱਪ ਨੂੰ ਖਾ ਕੇ ਵੀ ਮੋਰ ਕਿਵੇਂ ਰਹਿੰਦਾ ਹੈ ਜ਼ਿੰਦਾ… ਜਾਣੋ ਕੀ ਹੈ ਕਾਰਣ ?

ਮੋਰ ਨੂੰ ਭਾਰਤ ਦਾ ਰਾਸ਼ਟਰੀ ਪੰਛੀ ਹੋਣ ਦੇ ਨਾਲ-ਨਾਲ ਇੱਕ ਨਿਡਰ ਸ਼ਿਕਾਰੀ ਵੀ ਮੰਨਿਆ ਜਾਂਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਮੋਰ ਸਭ ਤੋਂ ਖ਼ਤਰਨਾਕ ਅਤੇ ਜ਼ਹਿਰੀਲੇ ਸੱਪਾਂ ਦਾ ਨਾ ਸਿਰਫ਼ ਸ਼ਿਕਾਰ ਕਰਦਾ ਹੈ, ਸਗੋਂ ਉਨ੍ਹਾਂ ਨੂੰ ਬੜੇ ਚਾਅ ਨਾਲ ਖਾ ਵੀ ਜਾਂਦਾ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇੰਨਾ ਜ਼ਹਿਰ ਸਰੀਰ ਦੇ ਅੰਦਰ ਜਾਣ ਦੇ ਬਾਵਜੂਦ ਮੋਰ ਨੂੰ ਕੁਝ ਨਹੀਂ ਹੁੰਦਾ।

ਕੀ ਹੈ ਮਾਹਰਾਂ ਦੀ ਰਾਏ?

ਜੰਗਲੀ ਜੀਵ ਮਾਹਰਾਂ ਅਨੁਸਾਰ, ਇਸ ਦਾ ਮੁੱਖ ਕਾਰਨ ਸੱਪ ਦੇ ਜ਼ਹਿਰ ਦੀ ਬਣਤਰ ਅਤੇ ਸਰੀਰ ਦੀ ਪਾਚਨ ਪ੍ਰਣਾਲੀ ਵਿੱਚ ਛਿਪਿਆ ਹੋਇਆ ਹੈ। ਲੰਬੇ ਸਮੇਂ ਤੋਂ ਜੰਗਲੀ ਜੀਵਾਂ ‘ਤੇ ਖੋਜ ਕਰ ਰਹੇ ਮਾਹਰਾਂ ਨੇ ਇਸ ਦੇ ਪਿੱਛੇ ਦੋ ਮੁੱਖ ਤੱਥ ਦੱਸੇ ਹਨ।

ਸੱਪ ਦਾ ਜ਼ਹਿਰ ਅਸਲ ਵਿੱਚ ਇੱਕ ਗੁੰਝਲਦਾਰ ਪ੍ਰੋਟੀਨ ਹੁੰਦਾ ਹੈ। ਇਹ ਉਦੋਂ ਹੀ ਜਾਨਲੇਵਾ ਸਾਬਤ ਹੁੰਦਾ ਹੈ ਜੇਕਰ ਇਹ ਸਿੱਧਾ ਖ਼ੂਨ (Bloodstream) ਵਿੱਚ ਮਿਲ ਜਾਵੇ। ਜਦੋਂ ਮੋਰ ਸੱਪ ਨੂੰ ਖਾਂਦਾ ਹੈ, ਤਾਂ ਜ਼ਹਿਰ ਉਸ ਦੇ ਪੇਟ ਵਿੱਚ ਜਾਂਦਾ ਹੈ। ਸਾਡੇ ਅਤੇ ਜਾਨਵਰਾਂ ਦੇ ਪੇਟ ਵਿੱਚ ਮੌਜੂਦ ਤੇਜ਼ਾਬ (Acids) ਅਤੇ ਪਾਚਕ ਐਨਜ਼ਾਈਮ ਇਸ ਪ੍ਰੋਟੀਨ ਨੁਮਾ ਜ਼ਹਿਰ ਨੂੰ ਤੋੜ ਦਿੰਦੇ ਹਨ, ਜਿਸ ਨਾਲ ਇਹ ਬੇਅਸਰ ਹੋ ਜਾਂਦਾ ਹੈ।

ਕਦੋਂ ਹੋ ਸਕਦਾ ਹੈ ਖ਼ਤਰਾ?

ਹਾਲਾਂਕਿ ਜ਼ਹਿਰ ਖਾਣ ਨਾਲ ਮੋਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ, ਪਰ ਇਸਦੀ ਇੱਕ ਸ਼ਰਤ ਹੈ। ਜੇਕਰ ਮੋਰ ਦੇ ਮੂੰਹ, ਗਲੇ ਜਾਂ ਪੇਟ ਵਿੱਚ ਕੋਈ ਜ਼ਖ਼ਮ, ਕੱਟ ਜਾਂ ਫੋੜਾ ਹੋਵੇ, ਤਾਂ ਉਹ ਜ਼ਹਿਰ ਖ਼ੂਨ ਵਿੱਚ ਮਿਲ ਸਕਦਾ ਹੈ, ਜੋ ਕਿ ਘਾਤਕ ਹੋ ਸਕਦਾ ਹੈ।

“ਮਨੁੱਖਾਂ ਦੇ ਮੁਕਾਬਲੇ ਪੰਛੀਆਂ ਅਤੇ ਖਾਸ ਕਰਕੇ ਮੋਰਾਂ ਵਿੱਚ ਮੂੰਹ ਜਾਂ ਪੇਟ ਦੇ ਫੋੜੇ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਇਹੀ ਕਾਰਨ ਹੈ ਕਿ ਉਹ ਜ਼ਹਿਰੀਲੇ ਸੱਪਾਂ ਨੂੰ ਹਜ਼ਮ ਕਰਨ ਵਿੱਚ ਸਫਲ ਰਹਿੰਦੇ ਹਨ।”