ਦੀਵਾਲੀ ਤੋਂ ਪਹਿਲਾਂ ਦਿੱਲੀ ਦੀ ਹਵਾ ਬਣੀ ਜ਼ਹਿਰ ! ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਪਹਿਲੇ ਨੰਬਰ ’ਤੇ ਰਾਜਧਾਨੀ

ਨਵੀਂ ਦਿੱਲੀ: ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਹੀ ਦੇਸ਼ ਦੀ ਰਾਜਧਾਨੀ ਦਿੱਲੀ ਪ੍ਰਦੂਸ਼ਣ ਦੀ ਗੰਭੀਰ ਮਾਰ ਹੇਠ ਆ ਗਈ ਹੈ। ਸ਼ਹਿਰ ਦੀ ਹਵਾ ਇੰਨੀ ਜ਼ਹਿਰੀਲੀ ਹੋ ਚੁੱਕੀ ਹੈ ਕਿ ਲੋਕਾਂ ਲਈ ਖੁੱਲ੍ਹੇ ਵਿੱਚ ਸਾਹ ਲੈਣਾ ਵੀ ਮੁਸ਼ਕਲ ਬਣਦਾ ਜਾ ਰਿਹਾ ਹੈ। ਸਵਿਟਜ਼ਰਲੈਂਡ ਦੀ ਹਵਾ ਗੁਣਵੱਤਾ ਨਿਗਰਾਨੀ ਸੰਸਥਾ IQAir ਦੀ ਲਾਈਵ ਰੈਂਕਿੰਗ ਵਿੱਚ ਦਿੱਲੀ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਵੱਡੇ ਸ਼ਹਿਰਾਂ ਵਿੱਚ ਪਹਿਲੇ ਸਥਾਨ ’ਤੇ ਪਹੁੰਚ ਗਈ।

AQI ਨੇ ਛੂਹਿਆ 581 ਦਾ ਖ਼ਤਰਨਾਕ ਅੰਕੜਾ
ਰਿਪੋਰਟ ਮੁਤਾਬਕ ਸ਼ਨੀਵਾਰ ਸਵੇਰੇ 10:35 ਵਜੇ ਦਿੱਲੀ ਦਾ AQI ਅਮਰੀਕੀ ਮਾਪਦੰਡਾਂ ਅਨੁਸਾਰ 581 ਦਰਜ ਕੀਤਾ ਗਿਆ। ਇਸ ਦੇ ਮੁਕਾਬਲੇ ਪਾਕਿਸਤਾਨ ਦੇ ਲਾਹੌਰ ਸ਼ਹਿਰ ਦਾ AQI 285 ਰਿਹਾ। ਇਹ ਅੰਕੜੇ ਦਿੱਲੀ ਵਿੱਚ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਨੂੰ ਦਰਸਾਉਂਦੇ ਹਨ।

ਦੂਜੇ ਪਾਸੇ, ਭਾਰਤ ਦੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਅਨੁਸਾਰ ਸ਼ਨੀਵਾਰ ਸਵੇਰੇ 10 ਵਜੇ ਦਿੱਲੀ ਦਾ ਔਸਤ AQI 363 ਦਰਜ ਕੀਤਾ ਗਿਆ, ਜੋ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ।

ਜ਼ਿਕਰਯੋਗ ਹੈ ਕਿ AQI Air ਅਤੇ CPCB ਵੱਲੋਂ ਹਵਾ ਦੀ ਗੁਣਵੱਤਾ ਮਾਪਣ ਲਈ ਵੱਖ-ਵੱਖ ਤਰੀਕੇ ਅਤੇ ਮਾਪਦੰਡ ਵਰਤੇ ਜਾਂਦੇ ਹਨ। ਇਸੇ ਕਾਰਨ ਦੋਵਾਂ ਦੇ AQI ਅੰਕੜਿਆਂ ਵਿੱਚ ਅੰਤਰ ਦੇਖਣ ਨੂੰ ਮਿਲਦਾ ਹੈ।

ਅੱਠ ਸਾਲਾਂ ਵਿੱਚ ਦੀਵਾਲੀ ਤੋਂ ਪਹਿਲਾਂ ਸਭ ਤੋਂ ਮਾੜੇ ਹਾਲਾਤ
ਦਿੱਲੀ ਵਿੱਚ ਸ਼ੁੱਕਰਵਾਰ ਨੂੰ ਦੀਵਾਲੀ ਤੋਂ ਪਹਿਲਾਂ ਪਿਛਲੇ ਅੱਠ ਸਾਲਾਂ ਦੀ ਸਭ ਤੋਂ ਖ਼ਰਾਬ ਹਵਾ ਗੁਣਵੱਤਾ ਦਰਜ ਕੀਤੇ ਜਾਣ ਦੀ ਰਿਪੋਰਟ ਸਾਹਮਣੇ ਆਈ। ਮਾਹੌਲ ਵਿੱਚ ਪਹਿਲਾਂ ਹੀ ਮੌਜੂਦ ਧੂੰਏਂ ਅਤੇ ਪ੍ਰਦੂਸ਼ਣ ਕਾਰਨ ਲੋਕਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ।

ਹੁਣ ਐਤਵਾਰ ਨੂੰ ਦੀਵਾਲੀ ਮੌਕੇ ਪਟਾਕਿਆਂ ਦੀ ਵਰਤੋਂ ਨਾਲ ਪ੍ਰਦੂਸ਼ਣ ਦਾ ਪੱਧਰ ਹੋਰ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

ਸਿਹਤ ਲਈ ਵੱਡਾ ਖ਼ਤਰਾ ਬਣਿਆ ਪ੍ਰਦੂਸ਼ਣ
ਹਵਾ ਦੀ ਲਗਾਤਾਰ ਵਿਗੜਦੀ ਗੁਣਵੱਤਾ ਬੱਚਿਆਂ, ਬਜ਼ੁਰਗਾਂ ਅਤੇ ਸਾਹ ਸਬੰਧੀ ਸਮੱਸਿਆਵਾਂ ਵਾਲੇ ਲੋਕਾਂ ਲਈ ਖ਼ਾਸ ਤੌਰ ’ਤੇ ਚਿੰਤਾਜਨਕ ਹੈ। ਮਾਹਿਰਾਂ ਦੀ ਸਲਾਹ ਹੈ ਕਿ ਲੋਕ ਬੇਲੋੜਾ ਘਰੋਂ ਬਾਹਰ ਨਿਕਲਣ ਤੋਂ ਬਚਣ ਅਤੇ ਪ੍ਰਦੂਸ਼ਣ ਵਧਣ ਵਾਲੇ ਸਮੇਂ ਦੌਰਾਨ ਖ਼ਾਸ ਸਾਵਧਾਨੀ ਵਰਤਣ।