ਮੱਧ ਪ੍ਰਦੇਸ਼: ਐਤਵਾਰ ਸਵੇਰੇ ਕੋਟਾ ਰੇਲਵੇ ਡਿਵੀਜ਼ਨ ਅਧੀਨ ਆਉਂਦੇ ਇਲਾਕੇ ਵਿੱਚ ਤ੍ਰਿਵੇਂਦਰਮ-ਹਜ਼ਰਤ ਨਿਜ਼ਾਮੂਦੀਨ ਰਾਜਧਾਨੀ ਐਕਸਪ੍ਰੈਸ ਦੇ ਦੋ ਡੱਬਿਆਂ ਵਿੱਚ ਅਚਾਨਕ ਅੱਗ ਲੱਗਣ ਕਾਰਨ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ। ਇਹ ਹਾਦਸਾ ਮੱਧ ਪ੍ਰਦੇਸ਼ ਦੇ ਵਿਕਰਮਗੜ੍ਹ ਆਲੋਟ ਅਤੇ ਲੂਨੀਰੀਚਾ ਸਟੇਸ਼ਨਾਂ ਵਿਚਕਾਰ ਵਾਪਰਿਆ। ਸਮੇਂ ਸਿਰ ਕੀਤੀ ਗਈ ਕਾਰਵਾਈ ਸਦਕਾ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ
ਸੁੱਤੇ ਪਏ ਯਾਤਰੀਆਂ ਵਿੱਚ ਮੱਚੀ ਹਫੜਾ-ਦਫੜੀ
ਰੇਲਵੇ ਅਧਿਕਾਰੀਆਂ ਅਨੁਸਾਰ, ਅੱਗ ਸਭ ਤੋਂ ਪਹਿਲਾਂ ਟ੍ਰੇਨ ਦੇ ਥਰਡ ਏਸੀ (3rd AC) ਕੋਚ ਅਤੇ ਨਾਲ ਲੱਗਦੇ ਸੀਟਿੰਗ-ਕਮ-ਲਗੇਜ ਰੇਕ (SLR) ਵਿੱਚ ਲੱਗੀ। ਇਹ ਘਟਨਾ ਸਵੇਰੇ 5 ਵਜੇ ਦੇ ਕਰੀਬ ਵਾਪਰੀ ਜਦੋਂ ਜ਼ਿਆਦਾਤਰ ਯਾਤਰੀ ਗੂੜ੍ਹੀ ਨੀਂਦ ਵਿੱਚ ਸਨ। ਡੱਬਿਆਂ ਵਿੱਚ ਤੇਜ਼ੀ ਨਾਲ ਧੂੰਆਂ ਭਰਨ ਕਾਰਨ ਯਾਤਰੀਆਂ ਨੂੰ ਜਾਗ ਆਈ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ
ਰੇਲਗੱਡੀ ਨੂੰ ਤੁਰੰਤ ਰੋਕਿਆ ਗਿਆ ਅਤੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ। ਜਾਨ ਬਚਾਉਣ ਦੀ ਜਲਦਬਾਜ਼ੀ ਵਿੱਚ ਕਈ ਯਾਤਰੀਆਂ ਦਾ ਕੀਮਤੀ ਸਮਾਨ ਡੱਬਿਆਂ ਦੇ ਅੰਦਰ ਹੀ ਰਹਿ ਗਿਆ, ਜੋ ਕਿ ਅੱਗ ਦੀ ਭੇਟ ਚੜ੍ਹ ਗਿਆ
ਤੁਰੰਤ ਰਾਹਤ ਅਤੇ ਬਚਾਅ ਕਾਰਜ
ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਸੌਰਭ ਜੈਨ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਕੋਟਾ ਤੋਂ ਇੱਕ ਐਕਸੀਡੈਂਟ ਰਿਲੀਫ ਟ੍ਰੇਨ (ART) ਨੂੰ ਤੁਰੰਤ ਮੌਕੇ ‘ਤੇ ਰਵਾਨਾ ਕੀਤਾ ਗਿਆ। ਕੋਟਾ ਰੇਲਵੇ ਸਟੇਸ਼ਨ ‘ਤੇ ਐਮਰਜੈਂਸੀ ਸਾਇਰਨ ਵਜਾਏ ਗਏ ਅਤੇ ਸੀਨੀਅਰ ਅਧਿਕਾਰੀ, ਮੈਡੀਕਲ ਟੀਮਾਂ, ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ
ਫਾਇਰ ਬ੍ਰਿਗੇਡ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਰੇਲਵੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਯਾਤਰੀਆਂ ਨੂੰ ਡਾਕਟਰੀ ਸਹਾਇਤਾ ਅਤੇ ਹੋਰ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ
ਰੇਲ ਆਵਾਜਾਈ ਪ੍ਰਭਾਵਿਤ
ਸੁਰੱਖਿਆ ਦੇ ਮੱਦੇਨਜ਼ਰ ਅਤੇ ਅੱਗ ਬੁਝਾਉਣ ਦੇ ਕੰਮ ਨੂੰ ਨੇਪਰੇ ਚਾੜ੍ਹਨ ਲਈ, ਰੇਲਵੇ ਸਟਾਫ ਵੱਲੋਂ ਇਸ ਰੂਟ ‘ਤੇ ਓਵਰਹੈੱਡ ਇਲੈਕਟ੍ਰਿਕ (OHE) ਪਾਵਰ ਸਪਲਾਈ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ। ਇਸ ਕਾਰਨ ਕੋਟਾ ਡਿਵੀਜ਼ਨ ਦੇ ਇਸ ਸੈਕਸ਼ਨ ‘ਤੇ ਰੇਲ ਆਵਾਜਾਈ ਕਾਫੀ ਹੱਦ ਤੱਕ ਪ੍ਰਭਾਵਿਤ ਹੋਈ
ਕੀ ਸੀ ਅੱਗ ਲੱਗਣ ਦਾ ਕਾਰਨ?
ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ। ਹਾਲਾਂਕਿ, ਰੇਲਵੇ ਪ੍ਰਸ਼ਾਸਨ ਨੇ ਕਿਹਾ ਹੈ ਕਿ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਉੱਚ-ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ
