ਨਵੀਂ ਦਿੱਲੀ: ਦੇਸ਼ ਵਿੱਚ ਸਾਈਬਰ ਅਪਰਾਧ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਤਾਜ਼ਾ ਮਾਮਲਾ ਰਾਜਧਾਨੀ ਦਿੱਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਟ੍ਰੈਫਿਕ ਚਲਾਨ ਭਰਨ ਦੇ ਨਾਂ ‘ਤੇ ਇੱਕ ਵਿਅਕਤੀ ਨਾਲ 4.05 ਲੱਖ ਰੁਪਏ ਦੀ ਵੱਡੀ ਠੱਗੀ ਮਾਰੀ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਭ ਸਿਰਫ ਇੱਕ ਫਰਜ਼ੀ WhatsApp ਲਿੰਕ ‘ਤੇ ਕਲਿੱਕ ਕਰਨ ਨਾਲ ਹੋਇਆ
ਕਿਵੇਂ ਹੋਈ ਠੱਗੀ?
ਪੀੜਤ ਮੁਤਾਬਕ ਉਸ ਨੂੰ ਇੱਕ ਅਣਪਛਾਤੇ ਨੰਬਰ ਤੋਂ WhatsApp ਮੈਸੇਜ ਆਇਆ ਸੀ, ਜੋ ਦੇਖਣ ਵਿੱਚ ਬਿਲਕੁਲ ਸਰਕਾਰੀ ਨੋਟਿਸ ਵਰਗਾ ਲੱਗ ਰਿਹਾ ਸੀ। ਮੈਸੇਜ ਵਿੱਚ ਲਿਖਿਆ ਸੀ ਕਿ ਉਸਦੀ ਗੱਡੀ ਦਾ 1,000 ਰੁਪਏ ਦਾ ਚਲਾਨ ਬਕਾਇਆ ਹੈ। ਧੋਖਾਧੜੀ ਕਰਨ ਵਾਲਿਆਂ ਨੇ ਆਪਣੀ ਪਛਾਣ “NextGen mParivahan” ਵਜੋਂ ਦੱਸੀ, ਤਾਂ ਜੋ ਯੂਜ਼ਰ ਨੂੰ ਲੱਗੇ ਕਿ ਇਹ ਮੈਸੇਜ ਸੜਕ ਆਵਾਜਾਈ ਮੰਤਰਾਲੇ ਵੱਲੋਂ ਭੇਜਿਆ ਗਿਆ ਹੈ
ਫਰਜ਼ੀ ਐਪ ਰਾਹੀਂ ਲਗਾਇਆ ਚੂਨਾ
ਜਦੋਂ ਪੀੜਤ ਨੇ ਚਲਾਨ ਦੇਖਣ ਲਈ ਮੈਸੇਜ ਵਿੱਚ ਦਿੱਤੇ ਲਿੰਕ ‘ਤੇ ਕਲਿੱਕ ਕੀਤਾ, ਤਾਂ ਉਸਨੂੰ ਇੱਕ ਐਪ ਡਾਊਨਲੋਡ ਕਰਨ ਲਈ ਕਿਹਾ ਗਿਆ। ਐਪ ਇੰਸਟਾਲ ਹੁੰਦੇ ਹੀ:
ਫੋਨ ਦਾ ਕੰਟਰੋਲ ਹੈਕਰਾਂ ਕੋਲ ਚਲਾ ਗਿਆ।
ਪੀੜਤ ਦੇ ਈ-ਵਾਲਿਟ (e-wallet) ਦਾ ਪਾਸਵਰਡ ਬਦਲ ਦਿੱਤਾ ਗਿਆ
ਬੈਂਕ ਖਾਤੇ ਨਾਲ ਲਿੰਕ ਈਮੇਲ ਆਈਡੀ ਵੀ ਬਦਲ ਦਿੱਤੀ ਗਈ ਤਾਂ ਜੋ ਉਸਨੂੰ ਅਲਰਟ ਨਾ ਮਿਲ ਸਕਣ
ਥੋੜ੍ਹੀ ਦੇਰ ਵਿੱਚ ਹੀ ਉਸ ਦੇ ਕ੍ਰੈਡਿਟ ਕਾਰਡ ਰਾਹੀਂ 4.05 ਲੱਖ ਰੁਪਏ ਦੇ ਆਨਲਾਈਨ ਗਿਫਟ ਕਾਰਡ ਖਰੀਦ ਲਏ ਗਏ
ਪੁਲਿਸ ਦੀ ਕਾਰਵਾਈ
ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 318(4) ਤਹਿਤ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪਿਛਲੇ ਮਹੀਨੇ ਵੀ ਇੱਕ ਬਜ਼ੁਰਗ ਨਾਲ ਇਸੇ ਤਰ੍ਹਾਂ 2.5 ਲੱਖ ਰੁਪਏ ਦੀ ਠੱਗੀ ਹੋਈ ਸੀ।
ਮਾਹਰਾਂ ਦੀ ਸਲਾਹ: “ਸਕੈਮਰ ਲੋਕਾਂ ਦੇ ਡਰ ਦਾ ਫਾਇਦਾ ਉਠਾ ਰਹੇ ਹਨ। ਉਹ ਚਲਾਨ ਨਾ ਭਰਨ ‘ਤੇ ਲਾਇਸੈਂਸ ਰੱਦ ਹੋਣ ਵਰਗੀਆਂ ਧਮਕੀਆਂ ਦਿੰਦੇ ਹਨ।”
ਬਚਾਅ ਲਈ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
ਜੇਕਰ ਤੁਹਾਨੂੰ ਵੀ ਅਜਿਹਾ ਕੋਈ ਮੈਸੇਜ ਆਉਂਦਾ ਹੈ, ਤਾਂ ਇਹ ਸਾਵਧਾਨੀਆਂ ਵਰਤੋ:
ਅਣਪਛਾਤੇ ਲਿੰਕ ਤੋਂ ਬਚੋ: ਕਦੇ ਵੀ WhatsApp ਜਾਂ SMS ਰਾਹੀਂ ਆਏ ਲਿੰਕ ਤੋਂ ਚਲਾਨ ਦਾ ਭੁਗਤਾਨ ਨਾ ਕਰੋ
ਅਧਿਕਾਰਤ ਵੈੱਬਸਾਈਟ: ਹਮੇਸ਼ਾ ਸਰਕਾਰੀ ਵੈੱਬਸਾਈਟ (parivahan.gov.in) ‘ਤੇ ਜਾ ਕੇ ਹੀ ਚਲਾਨ ਦੀ ਸਥਿਤੀ ਚੈੱਕ ਕਰੋ
ਵੇਰਵਿਆਂ ਦੀ ਜਾਂਚ: ਅਸਲੀ ਚਲਾਨ ਮੈਸੇਜ ਵਿੱਚ ਤੁਹਾਡੀ ਗੱਡੀ ਦਾ ਨੰਬਰ, ਇੰਜਣ ਨੰਬਰ ਅਤੇ ਜੁਰਮ ਦੀ ਜਗ੍ਹਾ ਦਾ ਵੇਰਵਾ ਹੁੰਦਾ ਹੈ
ਐਪ ਇੰਸਟਾਲ ਨਾ ਕਰੋ: ਕਿਸੇ ਦੇ ਕਹਿਣ ‘ਤੇ ਕੋਈ ਵੀ ਅਣਜਾਣ ਐਪ (APK ਫਾਈਲ) ਡਾਊਨਲੋਡ ਨਾ ਕਰੋ
ਜੇਕਰ ਤੁਹਾਡੇ ਨਾਲ ਧੋਖਾਧੜੀ ਹੁੰਦੀ ਹੈ, ਤਾਂ ਤੁਰੰਤ 1930 ਨੰਬਰ ‘ਤੇ ਕਾਲ ਕਰੋ ਜਾਂ ਸਾਈਬਰ ਕ੍ਰਾਈਮ ਪੋਰਟਲ (www.cybercrime.gov.in) ‘ਤੇ ਸ਼ਿਕਾਇਤ ਦਰਜ ਕਰਵਾਓ
