ਪੰਜਾਬ: ਆਖਿਰਕਾਰ NDRF ਦੀ ਟੀਮ ਨੇ ਬੋਰਵੈੱਲ ‘ਚ ਫਸੇ ਟੈਕਨੀਸ਼ੀਅਨ ਸੁਰੇਸ਼ ਯਾਦਵ ਨੂੰ ਬਾਹਰ ਕੱਢ ਲਿਆ ਹੈ। ਪਰ ਮਿਲੀ ਜਾਣਕਾਰੀ ਅਨੁਸਾਰ ਸੁਰੇਸ਼ ਦੀ ਮੌਤ ਹੋ ਗਈ ਹੈ। ਜਦੋਂ ਉਸ ਨੂੰ ਬੋਰਵੈੱਲ ਤੋਂ ਬਾਹਰ ਕੱਢਿਆ ਗਿਆ ਤਾਂ ਉਸ ਦਾ ਸਾਹ ਨਹੀਂ ਆ ਰਿਹਾ ਸੀ। ਫਿਲਹਾਲ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਸ਼ਾਮ ਟੈਕਨੀਸ਼ੀਅਨ ਸੁਰੇਸ਼ ਕਰਤਾਰਪੁਰ-ਕਪੂਰਥਲਾ ਰੋਡ ‘ਤੇ ਦਿੱਲੀ-ਕਟੜਾ ਐਕਸਪ੍ਰੈਸਵੇਅ ਦੇ ਨਿਰਮਾਣ ਵਾਲੀ ਥਾਂ ‘ਤੇ 80 ਫੁੱਟ ਦੇ ਬੋਰਵੈੱਲ ‘ਚ ਜਾ ਡਿੱਗਾ ਸੀ। ਸ਼ਨੀਵਾਰ ਰਾਤ 8 ਵਜੇ ਤੋਂ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਸੀ। ਚਿੱਕੜ ਹੇਠ ਦੱਬੇ ਟੈਕਨੀਸ਼ੀਅਨ ਨੂੰ ਬਚਾਉਣ ਲਈ ਤੁਰੰਤ ਮੁਹਿੰਮ ਚਲਾਈ ਗਈ ਸੀ ਪਰ ਸੋਮਵਾਰ ਸਵੇਰੇ ਬਚਾਅ ਵਾਲੀ ਥਾਂ ‘ਤੇ ਚਿੱਕੜ ਹੋਰ ਵੱਧ ਗਿਆ। ਇਸ ਕਾਰਨ ਬਚਾਅ ਕਾਰਜ ‘ਚ ਕਈ ਘੰਟੇ ਦੀ ਦੇਰੀ ਹੋਈ।
ਜਾਣਕਾਰੀ ਮੁਤਾਬਕ ਸੁਰੇਸ਼ ਆਪਣੇ ਸਾਥੀ ਪਵਨ ਨਾਲ ਮਿਲ ਕੇ ਟੁੱਟੀ ਹੋਈ ਮਸ਼ੀਨ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜਦੋਂ ਇਹ ਹਾਦਸਾ ਵਾਪਰਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਸਥਾਨ ‘ਤੇ ਢਿੱਲੀ ਮਿੱਟੀ ਅਤੇ ਨੇੜਲੇ ਛੱਪੜ ਨੇ ਬਚਾਅ ਕਾਰਜ ਲਈ ਚੁਣੌਤੀਆਂ ਖੜ੍ਹੀਆਂ ਕੀਤੀਆਂ ਹਨ। ਜਲੰਧਰ ਦੇ ਏਡੀਸੀ ਜਸਬੀਰ ਸਿੰਘ ਨੇ ਦੱਸਿਆ ਕਿ ਸੋਮਵਾਰ ਸਵੇਰੇ ਜਦੋਂ ਬਚਾਅ ਟੀਮਾਂ ਵਿਅਕਤੀ ਤੱਕ ਪਹੁੰਚਣ ਦੇ ਕਰੀਬ ਪਹੁੰਚੀਆਂ ਤਾਂ ਮੌਕੇ ‘ਤੇ ਕਾਫੀ ਚਿੱਕੜ ਧਸ ਗਿਆ।
