ਸਕੂਲ ਨੂੰ ਜਾ ਰਹੇ ਸੜਕ ਹਾਦਸੇ ਵਿੱਚ ਗਿਆਰਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ

ਸਥਾਨਕ ਚੰਡੀਗੜ੍ਹ ਹੁਸ਼ਿਆਰਪੁਰ ਮੁੱਖ ਮਾਰਗ ‘ਤੇ ਸਥਿਤ ਪਿੰਡ ਬੱਢੋਆਣ ਸਰਦੁੱਲਾਪੁਰ ਕੋਲ ਅੱਜ ਸਵੇਰੇ ਸਕੂਲ ਪੜ੍ਹਨ ਲਈ ਮੋਟਰਸਾਈਕਲ ‘ਤੇ ਜਾ ਰਹੇ ਵਿਦਿਆਰਥੀ ਦੀ ਭਾਰ ਢੋਣ ਵਾਲੀ ਗੱਡੀ ਨਾਲ ਟੱਕਰ ਹੋਣ ‘ਤੇ ਮੌਤ ਹੋ ਗਈ। ਉਕਤ ਵਿਦਿਆਰਥੀ ਦੀ ਪਛਾਣ ਪਿ੍ਰੰਸ ਚੌਧਰੀ ਪੁੱਤਰ ਕਮਲਜੀਤ ਸਿੰਘ ਵਾਸੀ ਰਾਮ ਪੁਰ ਬਿਲੜੋਂ ਵਜੋਂ ਹੋਈ ਹੈ ਜੋ ਕਿ ਦੋਆਬਾ ਪਬਲਿਕ ਸਕੂਲ ਦੋਹਲਰੋਂ ਵਿੱਚ ਗਿਆਰਵੀਂ ਜਮਾਤ ਵਿੱਚ ਪੜਦਾ ਸੀ। ਵਿਦਿਆਰਥੀ ਦੀ ਮੌਤ ਦੀ ਖਬਰ ਸੁਣ ਕੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।
ਮਿਲੀ ਜਾਣਕਾਰੀ ਅਨੁਸਾਰ ਪਿ੍ਰੰਸ ਚੌਧਰੀ ਉਮਰ ਸੋਲਾਂ ਸਾਲ ਆਪਣੇ ਮੋਟਰਸਾਈਕਲ ‘ਤੇ ਰੋਜ਼ਾਨਾ ਵਾਂਗ ਦੋਆਬਾ ਪਬਲਿਕ ਸਕੂਲ ਦੋਹਲਰੋਂ ਨੇੜੇ ਮਾਹਿਲਪੁਰ ਵੱਲ ਆ ਰਿਹਾ ਸੀ ਕਿ ਪਿੰਡ ਬੱਢੋਆਣ ਸਰਦੁੱਲਾਪੁਰ ਕੋਲ ਉਸਦਾ ਮੋਟਰਸਾਈਕਲ ਸਾਹਮਣੇ ਤੋਂ ਆ ਰਹੀ ਭਾਰ ਢੋਣ ਵਾਲੀ ਗੱਡੀ ਨੰਬਰ ਪੀਬੀ 08 ਸੀਐੱਚ 9895 ਨਾਲ ਟਕਰਾ ਗਿਆ। ਹਾਦਸੇ ਵਿੱਚ ਉਕਤ ਵਿਦਿਆਰਥੀ ਗੰਭੀਰ ਜ਼ਖ਼ਮੀ ਹੋ ਗਿਆ ਜਿਸਨੂੰ ਗੜ੍ਹਸ਼ੰਕਰ ਦੇ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸਨੂੰ ਨਵਾਂਸ਼ਹਿਰ ਰੈਫਰ ਕਰ ਦਿੱਤਾ ਜਿੱਥੇ ਡਾਕਟਰਾਂ ਨੇ ਉਕਤ ਵਿਦਿਆਰਥੀ ਨੂੰ ਮਿ੍ਰਤਕ ਐਲਾਨ ਦਿੱਤਾ। ਵਿਦਿਆਰਥੀ ਦੀ ਮੌਤ ਦੀ ਖਬਰ ਨਾਲ ਇਲਾਕੇ ਵਿੱਚ ਸੋਗ ਫੈਲ ਗਿਆ। ਸੈਲਾ ਖੁਰਦ ਦੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਕੈਪਸ਼ਨ- ਮਿ੍ਰਤਕ ਵਿਦਿਆਰਥੀ ਪਿ੍ਰੰਸ ਚੌਧਰੀ ਦੀ ਫਾਈਲ ਤਸਵੀਰ

Tags :