ਪੂਰਾ ਪੰਜਾਬ ਜਿੱਥੇ ਨਸ਼ਿਆ ਵਿੱਚ ਡੁੱਬ ਚੁੱਕਾ ਹੈ ਤੇ ਨੌਜ਼ਵਾਨੀ ਪੂਰੀ ਤਰਾ ਦੇ ਨਾਲ ਇਸ ਦਲਦਲ ਦੇ ਵਿੱਚ ਫਸ ਚੁੱਕੀ ਹੈ। ਪਰ ਦੂਜੇ ਪਾਸੇ ਪੰਜਾਬ ਦੇ ਜਿਲਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਦਾ ਇੱਕ ਪਿੰਡ ਦਦਿਆਲ ਅਜਿਹਾ ਪਿੰਡ ਹੈ ਜੋ ਕਿ ਨਸ਼ਾਮੁਕਤ ਤੇ ਸ਼ਾਕਾਹਾਰੀ ਹੈ। ਇਸ ਪਿੰਡ ਵਿੱਚ ਬਾਬਾ ਹਸਨ ਦਾਸ ਜੀ ਦਾ ਧਾਰਮਿਕ ਸਥਾਨ ਹੈ। ਇਸ ਧਾਰਮਿਕ ਅਸਥਾਨ ਦੀ ਮਾਨਤਾ ਹੈ ਕਿ ਇਸ ਪਿੰਡ ਵਿੱਚ ਪੁਰਾਤਨ ਸਮੇਂ ਤੋਂ ਮਾਸ ਅਤੇ ਨਸ਼ੀਲੇ ਪਦਾਰਥਾਂ ਦੇ ਸੇਵਨ ਦੀ ਪੂਰੀ ਤਰ੍ਹਾਂ ਮਨਾਹੀ ਹੈ।
ਇੱਥੋ ਦੇ ਲੋਕਾ ਦਾ ਕਹਿਣਾ ਹੈ ਕਿ ਸਦੀਆਂ ਪਹਿਲਾਂ ਪਿੰਡ ਵਿੱਚ ਇੱਕ ਬਜ਼ੁਰਗ ਨੇ ਲੰਬਾ ਸਮਾਂ ਤਪੱਸਿਆ ਕੀਤੀ ਸੀ, ਜਿਸ ਕਾਰਨ ਇਸ ਪਿੰਡ ਨੂੰ ਬਾਬਾ ਹਸਨ ਦਾਸ ਜੀ ਦੇ ਧਾਰਮਿਕ ਸਥਾਨ ਵਜੋਂ ਮਾਨਤਾ ਪ੍ਰਾਪਤ ਹੈ। ਜੇਕਰ ਕੋਈ ਵੀ ਵਿਅਕਤੀ ਗਲਤੀ ਨਾਲ ਇਸ ਥਾਂ ਮਾਸ ਖਾ ਲੈਂਦਾ ਹੈ ਤਾਂ ਉਸਨੂੰ ਇਸਦਾ ਨਤੀਜਾ ਭੁਗਤਣਾ ਪੈਂਦਾ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਬਾਬਾ ਹਸਨ ਦਾਸ ਡੇਰੇ ਦਾ ਮੰਨਣਾ ਹੈ ਕਿ ਜੇਕਰ ਕੋਈ ਵਿਅਕਤੀ ਇਸ ਦਰਬਾਰ ਵਿੱਚ ਆਪਣੀ ਇੱਛਾ ਲੈ ਕੇ ਆਉਂਦਾ ਹੈ ਤਾਂ ਉਸ ਦੀ ਮਨੋਕਾਮਨਾ ਪੂਰੀ ਹੁੰਦੀ ਹੈ।
