ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਹਾਲੀ ਦੇ ਖਰੜ ਵਿੱਚ ਰੱਖੇ ਗਏ ‘ਪੰਜਾਬ ਬਚਾਓ ਮਿਸ਼ਨ’ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੇ ਮੌਜੂਦਾ ਹਾਲਾਤਾਂ ‘ਤੇ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਬਣਨ ‘ਤੇ ਚਾਰ ਵੱਡੇ ਐਲਾਨ ਕੀਤੇ ਹਨ।
ਸੁਖਬੀਰ ਬਾਦਲ ਦੇ ਚਾਰ ਪ੍ਰਮੁੱਖ ਐਲਾਨ:
- ਆਟਾ-ਦਾਲ ਸਕੀਮ ਦੀ ਬਹਾਲੀ: ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਪੁਰਾਣੀ ਆਟਾ-ਦਾਲ ਸਕੀਮ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ, ਜਿਸ ਤਹਿਤ ਲਾਭਪਾਤਰੀ ਪਰਿਵਾਰਾਂ ਨੂੰ 50 ਕਿਲੋ ਆਟਾ ਮੁਹੱਈਆ ਕਰਵਾਇਆ ਜਾਵੇਗਾ।
- ਧੀਆਂ ਦੇ ਵਿਆਹ ਲਈ ਵਿੱਤੀ ਸਹਾਇਤਾ: ਸੂਬੇ ਦੀਆਂ ਧੀਆਂ ਦੇ ਵਿਆਹਾਂ ਲਈ 1 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇਗੀ।
- ਲਾਲ ਢੋਰੇ ਦੇ ਮਕਾਨਾਂ ਨੂੰ ਮਾਲਕੀ ਹੱਕ: ਪਿੰਡਾਂ ਵਿੱਚ ‘ਲਾਲ ਢੋਰੇ’ ਦੇ ਦਾਇਰੇ ਵਿੱਚ ਆਉਂਦੇ ਮਕਾਨਾਂ ਦੇ ਮਾਲਕਾਂ ਨੂੰ ਪੱਕੇ ਮਾਲਕੀ ਹੱਕ ਅਤੇ ਦਸਤਾਵੇਜ਼ ਦਿੱਤੇ ਜਾਣਗੇ।
- ਨਵਾਂਗਾਓਂ ਦਾ ਵਿਕਾਸ: ਨਵਾਂਗਾਓਂ ਨੂੰ ‘ਨਵੇਂ ਚੰਡੀਗੜ੍ਹ’ ਨਾਲ ਜੋੜ ਕੇ ਇਸ ਖੇਤਰ ਦਾ ਵਿਆਪਕ ਵਿਕਾਸ ਕੀਤਾ ਜਾਵੇਗਾ।
ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸੂਬੇ ਦੀ ਕਾਨੂੰਨ ਵਿਵਸਥਾ ਅਤੇ ਗੈਂਗਸਟਰਵਾਦ ਦੇ ਮੁੱਦੇ ‘ਤੇ ਵੀ ਮੌਜੂਦਾ ਸਰਕਾਰ ਨੂੰ ਘੇਰਿਆ ਅਤੇ ਦਾਅਵਾ ਕੀਤਾ ਕਿ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਨੂੰ ਮੌਜੂਦਾ ਸੰਕਟ ਵਿੱਚੋਂ ਬਾਹਰ ਕੱਢ ਸਕਦਾ ਹੈ।
