ਹਰਪਾਲ ਚੀਮਾ ਦਾ ਭਾਜਪਾ ‘ਤੇ ਤਿੱਖਾ ਹਮਲਾ, ਕਿਹਾ- ਪੰਜਾਬ ‘ਚ ਆਪਣਾ ਕੋਈ ਆਗੂ ਨਹੀਂ, ਦੂਜੀਆਂ ਪਾਰਟੀਆਂ ਦੇ ਕੱਢੇ ਹੋਏ ਲੋਕਾਂ ਨੂੰ ਕਰ ਰਹੀ ਇਕੱਠਾ

ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ‘ਤੇ ਤਿੱਖਾ ਸਿਆਸੀ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਿਆ ਹੈ ਅਤੇ ਪਾਰਟੀ ਵਿੱਚ ਕਿਸੇ ਵੀ ਆਗੂ ਵੱਲੋਂ ਭ੍ਰਿਸ਼ਟਾਚਾਰ ਜਾਂ ਪੰਜਾਬ ਵਿਰੋਧੀ ਗਤੀਵਿਧੀਆਂ ਕਰਨ ‘ਤੇ ਬਿਨਾਂ ਕਿਸੇ ਪੱਖਪਾਤ ਦੇ ਕਾਰਵਾਈ ਕੀਤੀ ਗਈ ਹੈ।

ਹਰਪਾਲ ਚੀਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਆਪਣੀ ਪੋਸਟ ਰਾਹੀਂ ਦੋਸ਼ ਲਾਇਆ ਕਿ ਭਾਜਪਾ ਹੁਣ ਦੂਜੀਆਂ ਪਾਰਟੀਆਂ ਵੱਲੋਂ ਬਾਹਰ ਕੀਤੇ ਗਏ ਆਗੂਆਂ ਨੂੰ ਆਪਣੇ ਨਾਲ ਜੋੜ ਰਹੀ ਹੈ। ਉਨ੍ਹਾਂ ਮੁਤਾਬਕ ਭਾਜਪਾ ਕੋਲ ਪੰਜਾਬ ਵਿੱਚ ਆਪਣਾ ਕੋਈ ਮਜ਼ਬੂਤ ਆਗੂ ਨਹੀਂ ਹੈ, ਜਿਸ ਕਾਰਨ ਉਹ ਅਜਿਹੇ ਚਿਹਰਿਆਂ ਦਾ ਸਹਾਰਾ ਲੈ ਰਹੀ ਹੈ।

ਚੀਮਾ ਨੇ ਕੁਝ ਵਿਅਕਤੀਆਂ ਦਾ ਹਵਾਲਾ ਦਿੰਦਿਆਂ ਗੰਭੀਰ ਸਵਾਲ ਵੀ ਚੁੱਕੇ। ਉਨ੍ਹਾਂ ਦੋਸ਼ ਲਾਇਆ ਕਿ ਜਿਹੜੇ ਲੋਕ ਪਹਿਲਾਂ ਕਾਨੂੰਨੀ ਵਿਵਾਦਾਂ ਅਤੇ ਗੰਭੀਰ ਦੋਸ਼ਾਂ ਵਿੱਚ ਘਿਰੇ ਰਹੇ ਹਨ, ਉਨ੍ਹਾਂ ਨੂੰ ਭਾਜਪਾ ਵੱਲੋਂ ਸਿਆਸੀ ਤੌਰ ‘ਤੇ ਅੱਗੇ ਲਿਆਂਦਾ ਜਾ ਰਿਹਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਦੀ ਇਹ ਰਣਨੀਤੀ ਸੂਬੇ ਵਿੱਚ ਪਾਰਟੀ ਦੀ ਕਮਜ਼ੋਰ ਸਿਆਸੀ ਸਥਿਤੀ ਨੂੰ ਦਰਸਾਉਂਦੀ ਹੈ। ਚੀਮਾ ਅਨੁਸਾਰ ਭਾਜਪਾ ਕੋਲ ਨਾ ਤਾਂ ਪੰਜਾਬ ਵਿੱਚ ਆਪਣਾ ਮਜ਼ਬੂਤ ਆਧਾਰ ਹੈ ਅਤੇ ਨਾ ਹੀ ਸੂਬੇ ਦੇ ਲੋਕਾਂ ਲਈ ਕੋਈ ਠੋਸ ਨੀਤੀ ਜਾਂ ਸੋਚ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗੀ ਅਤੇ ਗਲਤ ਕੰਮ ਕਰਨ ਵਾਲੇ ਕਿਸੇ ਵੀ ਆਗੂ ਖ਼ਿਲਾਫ਼ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟੇਗੀ