ਖੰਨਾ ਵਿੱਚ ਦੇਰ ਰਾਤ ਘਰ ‘ਚ ਵੜ ਕੇ ਪਤੀ-ਪਤਨੀ ‘ਤੇ ਹਮਲਾ, ਲੁੱਟ-ਖੋਹ ਤੋਂ ਬਾਅਦ ਹਮਲਾਵਰ ਫ਼ਰਾਰ

ਖੰਨਾ ਦੇ ਰੂਪਨਗਰ (ਗਲੀ ਨੰਬਰ 2) ਵਿੱਚ ਬੀਤੀ ਰਾਤ ਕਰੀਬ 1:30 ਵਜੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਪੰਜ ਅਣਪਛਾਤੇ ਹਥਿਆਰਬੰਦ ਵਿਅਕਤੀ ਇੱਕ ਘਰ ਵਿੱਚ ਜ਼ਬਰਦਸਤੀ ਦਾਖਲ ਹੋ ਗਏ। ਹਮਲਾਵਰਾਂ ਨੇ ਘਰ ਦੇ ਮਾਲਕ ਵਿੱਕੀ ਮੋਦੀ ਅਤੇ ਉਨ੍ਹਾਂ ਦੀ ਪਤਨੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਸ ਦੌਰਾਨ ਮੁਲਜ਼ਮਾਂ ਨੇ ਘਰ ਵਿੱਚ ਲੁੱਟਮਾਰ ਵੀ ਕੀਤੀ।

ਜ਼ਖ਼ਮੀ ਪਤੀ-ਪਤਨੀ ਦੀਆਂ ਚੀਕਾਂ ਸੁਣ ਕੇ ਜਦੋਂ ਆਸ-ਪਾਸ ਦੇ ਲੋਕ ਇਕੱਠੇ ਹੋਣ ਲੱਗੇ, ਤਾਂ ਹਮਲਾਵਰ ਮੌਕੇ ਤੋਂ ਇੱਕ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਭੱਜ ਨਿਕਲੇ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਜੋੜੇ ਨੂੰ ਤੁਰੰਤ ਇਲਾਜ ਲਈ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਘਟਨਾ ਦੀ ਖ਼ਬਰ ਮਿਲਦਿਆਂ ਹੀ ਐਸ.ਐਚ.ਓ. ਸਿਟੀ-2 ਤਰਵਿੰਦਰ ਬੇਦੀ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ। ਘਰ ਦੇ ਅੰਦਰ ਫੈਲੇ ਖੂਨ ਦੇ ਨਿਸ਼ਾਨ ਹਮਲੇ ਦੀ ਭਿਆਨਕਤਾ ਨੂੰ ਬਿਆਨ ਕਰ ਰਹੇ ਸਨ। ਪੁਲਿਸ ਨੇ ਪੀੜਤ ਪਰਿਵਾਰ ਦੇ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਹੈ ਅਤੇ ਫੋਰੈਂਸਿਕ ਟੀਮਾਂ ਦੀ ਮਦਦ ਨਾਲ ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ।

ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਦੌਰਾਨ ਘਰ ਦੇ ਅੰਦਰੋਂ ਚੀਕਣ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ। ਫੁਟੇਜ ਵਿੱਚ ਇੱਕ ਸ਼ੱਕੀ ਸਵਿਫਟ ਕਾਰ ਵੀ ਦਿਖਾਈ ਦਿੱਤੀ ਹੈ, ਜੋ ਵਾਰਦਾਤ ਤੋਂ ਪਹਿਲਾਂ ਗਲੀ ਵਿੱਚ ਕਈ ਗੇੜੇ ਮਾਰ ਰਹੀ ਸੀ। ਪੁਲਿਸ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਇਹ ਸਿਰਫ਼ ਲੁੱਟ-ਖੋਹ ਦਾ ਮਾਮਲਾ ਹੈ ਜਾਂ ਇਸ ਦੇ ਪਿੱਛੇ ਕੋਈ ਪੁਰਾਣੀ ਰੰਜਿਸ਼ ਹੈ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਕੌਂਸਲਰ ਅਮਨ ਕਟਾਰੀਆ ਵੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਇਸ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ।