T20 ਵਰਲਡ ਕੱਪ ਫਾਈਨਲ: ਅਹਿਮਦਾਬਾਦ ਦੀ ਪਿੱਚ ਬਣੇਗੀ ‘ਗੇਮ ਚੇਂਜਰ’, ਜਾਣੋ ਭਾਰਤ ਤੇ ਨਿਊਜ਼ੀਲੈਂਡ ਲਈ ਕੀ ਹਨ ਚੁਣੌਤੀਆਂ

ਅਹਿਮਦਾਬਾਦ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੇ T20 ਵਿਸ਼ਵ ਕੱਪ ਦੇ ਮਹਾਂ-ਮੁਕਾਬਲੇ ਲਈ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਣ ਵਾਲੇ ਇਸ ਫਾਈਨਲ ਮੈਚ ਵਿੱਚ ਸਭ ਤੋਂ ਵੱਡੀ ਚਰਚਾ ਉੱਥੋਂ ਦੀ ਪਿੱਚ ਨੂੰ ਲੈ ਕੇ ਹੋ ਰਹੀ ਹੈ, ਜੋ ਇਸ ਖ਼ਿਤਾਬੀ ਜੰਗ ਦਾ ਨਤੀਜਾ ਤੈਅ ਕਰ ਸਕਦੀ ਹੈ

ਲਾਲ ਜਾਂ ਕਾਲੀ ਮਿੱਟੀ? ਹਾਈਬ੍ਰਿਡ ਪਿੱਚ ਦੀ ਉਮੀਦ
ਮੋਟੇਰਾ ਸਟੇਡੀਅਮ ਆਪਣੀ ਵਿਲੱਖਣ ਪਿੱਚ ਪ੍ਰਣਾਲੀ ਲਈ ਜਾਣਿਆ ਜਾਂਦਾ ਹੈ, ਜਿੱਥੇ ਲਾਲ ਮਿੱਟੀ, ਕਾਲੀ ਮਿੱਟੀ ਅਤੇ ਦੋਵਾਂ ਦਾ ਸੁਮੇਲ (ਹਾਈਬ੍ਰਿਡ) ਮੌਜੂਦ ਹੈ।

ਕਾਲੀ ਮਿੱਟੀ: ਇਹ ਪਿੱਚਾਂ ਆਮ ਤੌਰ ‘ਤੇ ਹੌਲੀ ਹੁੰਦੀਆਂ ਹਨ ਅਤੇ ਸਪਿਨਰਾਂ ਨੂੰ ਮਦਦ ਦਿੰਦੀਆਂ ਹਨ।

ਲਾਲ ਮਿੱਟੀ: ਇੱਥੇ ਗੇਂਦ ਨੂੰ ਜ਼ਿਆਦਾ ਉਛਾਲ (Bounce) ਅਤੇ ਰਫ਼ਤਾਰ ਮਿਲਦੀ ਹੈ, ਜੋ ਬੱਲੇਬਾਜ਼ਾਂ ਲਈ ਦੌੜਾਂ ਬਣਾਉਣਾ ਸੌਖਾ ਕਰਦੀ ਹੈ।

ਹਾਈਬ੍ਰਿਡ ਪਿੱਚ: ਮਾਹਿਰਾਂ ਅਨੁਸਾਰ ਫਾਈਨਲ ਲਈ ਇੱਕ ਅਜਿਹੀ ਪਿੱਚ ਤਿਆਰ ਕੀਤੀ ਜਾ ਸਕਦੀ ਹੈ ਜਿਸ ਵਿੱਚ ਲਾਲ ਅਤੇ ਕਾਲੀ ਮਿੱਟੀ ਦਾ ਮਿਸ਼ਰਣ ਹੋਵੇ। ਇਹ ਬੱਲੇਬਾਜ਼ਾਂ ਲਈ ਚੰਗਾ ਉਛਾਲ ਅਤੇ ਗੇਂਦਬਾਜ਼ਾਂ ਲਈ ਹਲਕੀ ਪਕੜ (Grip) ਪ੍ਰਦਾਨ ਕਰੇਗੀ

ਭਾਰਤੀ ਟੀਮ ਦੀ ਰਣਨੀਤੀ
ਭਾਰਤ ਆਪਣੇ ਪੁਰਾਣੇ ਤਜ਼ਰਬਿਆਂ ਤੋਂ ਸਬਕ ਲੈ ਕੇ ਮੈਦਾਨ ਵਿੱਚ ਉਤਰੇਗਾ। ਸੁਪਰ-8 ਪੜਾਅ ਵਿੱਚ ਭਾਰਤ ਨੂੰ ਇਸੇ ਮੈਦਾਨ ‘ਤੇ ਦੱਖਣੀ ਅਫਰੀਕਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਤੇਜ਼ ਗੇਂਦਬਾਜ਼ੀ: ਜਸਪ੍ਰੀਤ ਬੁਮਰਾਹ ਅਤੇ ਅਰਸ਼ਦੀਪ ਸਿੰਘ ਨਵੀਂ ਗੇਂਦ ਨਾਲ ਫਲੱਡ ਲਾਈਟਾਂ ਹੇਠ ਘਾਤਕ ਸਾਬਤ ਹੋ ਸਕਦੇ ਹਨ

ਸਪਿਨ ਵਿਭਾਗ: ਵਿਚਕਾਰਲੇ ਓਵਰਾਂ ਵਿੱਚ ਵਰੁਣ ਚੱਕਰਵਰਤੀ ਅਤੇ ਅਕਸ਼ਰ ਪਟੇਲ ਦੀ ਭੂਮਿਕਾ ਅਹਿਮ ਹੋਵੇਗੀ

ਬੱਲੇਬਾਜ਼ੀ: ਸੈਮੀਫਾਈਨਲ ਵਿੱਚ ਇੰਗਲੈਂਡ ਵਿਰੁੱਧ 89 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਵਾਲੇ ਸੰਜੂ ਸੈਮਸਨ ‘ਤੇ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ

ਨਿਊਜ਼ੀਲੈਂਡ ਦੀਆਂ ਤਿਆਰੀਆਂ
ਕੀਵੀ ਟੀਮ ਵੀ ਪੂਰੀ ਤਰ੍ਹਾਂ ਲੈਅ ਵਿੱਚ ਹੈ। ਫਿਨ ਐਲਨ ਅਤੇ ਟਿਮ ਸੀਫਰਟ ਦੀ ਸਲਾਮੀ ਜੋੜੀ ਨੇ ਸੈਮੀਫਾਈਨਲ ਵਿੱਚ ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਦੇ ਪਰਖੱਚੇ ਉਡਾ ਦਿੱਤੇ ਸਨ।

ਨਿਊਜ਼ੀਲੈਂਡ ਕੋਲ ਲੌਕੀ ਫਰਗੂਸਨ ਅਤੇ ਮੈਟ ਹੈਨਰੀ ਵਰਗੇ ਤੇਜ਼ ਗੇਂਦਬਾਜ਼ ਹਨ ਜੋ ਉਛਾਲ ਵਾਲੀ ਪਿੱਚ ਦਾ ਫਾਇਦਾ ਉਠਾ ਸਕਦੇ ਹਨ। ਮਿਸ਼ੇਲ ਸੈਂਟਨਰ ਦੀ ਅਗਵਾਈ ਵਿੱਚ ਉਨ੍ਹਾਂ ਦਾ ਸਪਿਨ ਹਮਲਾ ਵੀ ਕਾਫੀ ਮਜ਼ਬੂਤ ਹੈ

ਇਤਿਹਾਸ ਰਚਣ ਦਾ ਮੌਕਾ
ਜੇਕਰ ਭਾਰਤੀ ਟੀਮ ਇਹ ਫਾਈਨਲ ਜਿੱਤ ਜਾਂਦੀ ਹੈ, ਤਾਂ ਉਹ T20 ਵਿਸ਼ਵ ਕੱਪ ਦਾ ਖ਼ਿਤਾਬ ਡਿਫੈਂਡ (ਲਗਾਤਾਰ ਦੂਜੀ ਵਾਰ ਜਿੱਤਣ) ਕਰਨ ਵਾਲੀ ਦੁਨੀਆ ਦੀ ਪਹਿਲੀ ਟੀਮ ਬਣ ਕੇ ਇਤਿਹਾਸ ਰਚ ਦੇਵੇਗੀ। ਦੂਜੇ ਪਾਸੇ, ਨਿਊਜ਼ੀਲੈਂਡ ਆਪਣਾ ਪਹਿਲਾ T20 ਵਿਸ਼ਵ ਕੱਪ ਜਿੱਤਣ ਦੇ ਇਰਾਦੇ ਨਾਲ ਉਤਰੇਗਾ