ਨਵੀ ਦਿੱਲੀ : ਸ਼੍ਰੀਲੰਕਾ ਦੇ ਤੱਟ ਨੇੜੇ ਇੱਕ ਬੇਹੱਦ ਤਣਾਅਪੂਰਨ ਘਟਨਾ ਵਿੱਚ ਅਮਰੀਕੀ ਪਣਡੁੱਬੀ (Submarine) ਵੱਲੋਂ ਟੋਰਪੀਡੋ ਕੀਤੇ ਜਾਣ ਤੋਂ ਬਾਅਦ ਈਰਾਨੀ ਜੰਗੀ ਜਹਾਜ਼ IRIS Dena ਸਮੁੰਦਰ ਵਿੱਚ ਗਰਕ ਹੋ ਗਿਆ ਹੈ। ਇਸ ਹਮਲੇ ਤੋਂ ਬਾਅਦ ਲਾਪਤਾ ਹੋਏ ਈਰਾਨੀ ਮਲਾਹਾਂ ਦੀ ਭਾਲ ਲਈ ਭਾਰਤੀ ਜਲ ਸੈਨਾ ਨੇ ਆਪਣਾ ਆਧੁਨਿਕ ਲੰਬੀ ਦੂਰੀ ਦਾ ਸਮੁੰਦਰੀ ਗਸ਼ਤੀ ਜਹਾਜ਼ P-8I ਤਾਇਨਾਤ ਕਰ ਦਿੱਤਾ ਹੈ
ਹਮਲੇ ਦਾ ਵੇਰਵਾ ਅਤੇ ਜਾਨੀ ਨੁਕਸਾਨ
ਪ੍ਰਾਪਤ ਜਾਣਕਾਰੀ ਅਨੁਸਾਰ, ਈਰਾਨੀ ਫ੍ਰੀਗੇਟ ‘IRIS Dena’ ਭਾਰਤ ਵੱਲੋਂ ਆਯੋਜਿਤ ਕੀਤੇ ਗਏ ‘ਮਿਲਾਨ’ (Milan) ਜਲ ਸੈਨਾ ਅਭਿਆਸ ਵਿੱਚ ਹਿੱਸਾ ਲੈ ਕੇ ਵਾਪਸ ਘਰ ਪਰਤ ਰਿਹਾ ਸੀ। ਬੁੱਧਵਾਰ ਨੂੰ ਸ਼੍ਰੀਲੰਕਾ ਦੇ ਗਾਲੇ (Galle) ਤੋਂ ਲਗਭਗ 20 ਨੌਟੀਕਲ ਮੀਲ ਪੱਛਮ ਵਿੱਚ ਇੱਕ ਅਮਰੀਕੀ ਪਣਡੁੱਬੀ ਨੇ ਇਸ ‘ਤੇ ਟੋਰਪੀਡੋ ਨਾਲ ਹਮਲਾ ਕਰ ਦਿੱਤਾ।
ਇਸ ਹਮਲੇ ਵਿੱਚ ਹੁਣ ਤੱਕ ਘੱਟੋ-ਘੱਟ 87 ਈਰਾਨੀ ਮਲਾਹਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਘਟਨਾ ਨੇ ਖਾੜੀ ਦੇਸ਼ਾਂ ਤੋਂ ਬਾਹਰ ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਨੂੰ ਇੱਕ ਖ਼ਤਰਨਾਕ ਮੋੜ ‘ਤੇ ਲਿਆ ਦਿੱਤਾ ਹੈ
ਭਾਰਤੀ ਜਲ ਸੈਨਾ ਦੀ ਕਾਰਵਾਈ
ਭਾਰਤੀ ਜਲ ਸੈਨਾ ਨੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸ਼੍ਰੀਲੰਕਾ ਵੱਲੋਂ ਮਿਲੇ ‘ਡਿਸਟ੍ਰੈਸ ਕਾਲ’ (Distress Call) ਤੋਂ ਬਾਅਦ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ ਗਏ
P-8I ਜਹਾਜ਼: ਵੀਰਵਾਰ ਸਵੇਰੇ 10 ਵਜੇ ਭਾਰਤ ਨੇ ਸਰਚ ਆਪ੍ਰੇਸ਼ਨ ਲਈ ਆਪਣਾ ਸਭ ਤੋਂ ਮਾਰੂ ਗਸ਼ਤੀ ਜਹਾਜ਼ ਰਵਾਨਾ ਕੀਤਾ
INS ਤਰੰਗਿਨੀ: ਨੇੜੇ ਹੀ ਮੌਜੂਦ ਭਾਰਤੀ ਜਹਾਜ਼ ‘INS ਤਰੰਗਿਨੀ’ ਵੀ ਸ਼ਾਮ 4 ਵਜੇ ਤੱਕ ਸਰਚ ਏਰੀਏ ਵਿੱਚ ਪਹੁੰਚ ਗਿਆ
INS ਇਸ਼ਕ: ਕੋਚੀ ਤੋਂ ਇਕ ਹੋਰ ਭਾਰਤੀ ਜਹਾਜ਼ ‘INS ਇਸ਼ਕ’ ਨੂੰ ਵੀ ਲਾਪਤਾ ਮਲਾਹਾਂ ਦੀ ਭਾਲ ਲਈ ਰਵਾਨਾ ਕੀਤਾ ਗਿਆ ਹੈ ਜੋ ਕਿ ਹੁਣ ਉਸੇ ਖੇਤਰ ਵਿੱਚ ਤਾਇਨਾਤ ਹੈ
ਬਚਾਅ ਕਾਰਜਾਂ ਵਿੱਚ ਤਾਲਮੇਲ
ਭਾਰਤੀ ਜਲ ਸੈਨਾ ਨੇ ਸਪੱਸ਼ਟ ਕੀਤਾ ਕਿ ਉਹ ਸ਼੍ਰੀਲੰਕਾਈ ਜਲ ਸੈਨਾ ਅਤੇ ਹੋਰ ਏਜੰਸੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਹਵਾਈ ਰਸਤੇ ਰਾਹੀਂ ਜੀਵਨ ਰੱਖਿਅਕ ਕਿਸ਼ਤੀਆਂ (Life Rafts) ਸੁੱਟਣ ਲਈ ਇੱਕ ਹੋਰ ਜਹਾਜ਼ ਨੂੰ ਵੀ ‘ਸਟੈਂਡਬਾਏ’ ‘ਤੇ ਰੱਖਿਆ ਗਿਆ ਹੈ।
ਇਹ ਘਟਨਾ ਅੰਤਰਰਾਸ਼ਟਰੀ ਪੱਧਰ ‘ਤੇ ਵੱਡੇ ਡਿਪਲੋਮੈਟਿਕ ਅਤੇ ਸੁਰੱਖਿਆ ਸੰਕਟ ਦਾ ਕਾਰਨ ਬਣ ਸਕਦੀ ਹੈ, ਕਿਉਂਕਿ ਈਰਾਨ ਨੇ ਇਸ ਹਮਲੇ ਨੂੰ ਲੈ ਕੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ
