ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ’ਚ ਭਾਰਤ ਦੀ ਸ਼ਾਨਦਾਰ ਜਿੱਤ, ਪੰਜਾਵਾ ਦੀ ਸਿਮਰਨ ਕੰਬੋਜ ਵੀ ਜੇਤੂ ਟੀਮ ਦਾ ਹਿੱਸਾ

ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ 2026 ਦੇ ਮਹਿਲਾ ਵਰਗ ਦੇ ਫਾਈਨਲ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂਗਾਂਡਾ ਨੂੰ 35-15 ਅੰਕਾਂ ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸ ਇਤਿਹਾਸਕ ਜਿੱਤ ਵਿੱਚ ਪੰਜਾਬ ਦੇ ਲੰਬੀ ਹਲਕੇ ਦੇ ਪਿੰਡ ਪੰਜਾਵਾ ਦੀ ਧੀ ਸਿਮਰਨ ਕੰਬੋਜ ਨੇ ਵੀ ਅਹਿਮ ਭੂਮਿਕਾ ਨਿਭਾਈ। ਉਹ ਭਾਰਤੀ ਟੀਮ ਵਿੱਚ ਰਾਈਟ ਰੇਡਰ ਵਜੋਂ ਖੇਡੀ।

ਅਹਿਮਦਾਬਾਦ ਦੇ ਵੀਰ ਸਾਵਰਕਰ ਸਪੋਰਟਸ ਕੰਪਲੈਕਸ ਵਿੱਚ ਦੇਰ ਸ਼ਾਮ ਹੋਏ ਫਾਈਨਲ ਮੁਕਾਬਲੇ ਨੂੰ ਸਿਮਰਨ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਟੈਲੀਵਿਜ਼ਨ ’ਤੇ ਬੜੇ ਉਤਸ਼ਾਹ ਨਾਲ ਦੇਖਿਆ। ਭਾਰਤ ਦੀ ਜਿੱਤ ਦਾ ਐਲਾਨ ਹੁੰਦਿਆਂ ਹੀ ਪਰਿਵਾਰ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ। ਸਿਮਰਨ ਦੇ ਪਿਤਾ ਸੁਖਪਾਲ ਕੰਬੋਜ, ਮਾਤਾ ਸੁਖਵਿੰਦਰ ਕੌਰ, ਚਾਚਾ ਗੁਰਲਾਲ ਕੰਬੋਜ ਅਤੇ ਭਰਾ ਹਰਮਨ ਕੰਬੋਜ ਨੇ ਇੱਕ-ਦੂਜੇ ਨੂੰ ਵਧਾਈ ਦੇ ਕੇ ਖ਼ੁਸ਼ੀ ਸਾਂਝੀ ਕੀਤੀ। ਪਰਿਵਾਰ ਨੇ ਸਿਮਰਨ ਦੀ ਸਖ਼ਤ ਮਿਹਨਤ, ਲਗਨ ਅਤੇ ਸੰਘਰਸ਼ ਨੂੰ ਪਿੰਡ ਅਤੇ ਸਮੁੱਚੇ ਇਲਾਕੇ ਲਈ ਮਾਣ ਵਾਲੀ ਪ੍ਰਾਪਤੀ ਕਰਾਰ ਦਿੱਤਾ।

ਸਿਮਰਨ ਦੀ ਇਹ ਕਾਮਯਾਬੀ ਉਸ ਦੇ ਲੰਮੇ ਸੰਘਰਸ਼ ਅਤੇ ਦ੍ਰਿੜ੍ਹ ਇਰਾਦੇ ਦੀ ਮਿਸਾਲ ਹੈ। ਇਸ ਤੋਂ ਪਹਿਲਾਂ ਉਹ ਚੀਨ ਵਿੱਚ ਹੋਈਆਂ ਛੇਵੀਆਂ ਏਸ਼ਿਆਈ ਬੀਚ ਖੇਡਾਂ ਵਿੱਚ ਸੋਨ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕਰ ਚੁੱਕੀ ਹੈ। ਕੂਹਣੀ ਦੀ ਗੰਭੀਰ ਸੱਟ ਅਤੇ ਸਰਜਰੀ ਕਾਰਨ ਉਸ ਨੂੰ ਖੇਡ ਮੈਦਾਨ ਤੋਂ ਦੂਰ ਰਹਿਣਾ ਪਿਆ, ਪਰ ਉਸ ਨੇ ਹੌਸਲਾ ਨਹੀਂ ਛੱਡਿਆ। ਸਖ਼ਤ ਮਿਹਨਤ ਅਤੇ ਲਗਾਤਾਰ ਅਭਿਆਸ ਸਦਕਾ ਉਸ ਨੇ ਮੁੜ ਵਾਪਸੀ ਕੀਤੀ ਅਤੇ ਭਾਰਤੀ ਟੀਮ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ।

ਪਿੰਡ ਪੰਜਾਵਾ ਦੇ ਇੱਕ ਸਧਾਰਨ ਕਰਿਆਨਾ ਦੁਕਾਨਦਾਰ ਸੁਖਪਾਲ ਕੰਬੋਜ ਦੀ ਧੀ ਸਿਮਰਨ ਹੁਣ ਤੱਕ ਆਲ ਇੰਡੀਆ ਯੂਨੀਵਰਸਿਟੀ ਖੇਡਾਂ ਵਿੱਚ ਤਿੰਨ ਸੋਨ ਤਮਗੇ ਅਤੇ ਨੈਸ਼ਨਲ ਖੇਡਾਂ ਵਿੱਚ ਇੱਕ ਕਾਂਸੀ ਦਾ ਤਮਗਾ ਜਿੱਤ ਚੁੱਕੀ ਹੈ। ਉਸ ਦੀਆਂ ਲਗਾਤਾਰ ਪ੍ਰਾਪਤੀਆਂ ਨੌਜਵਾਨ ਖਿਡਾਰੀਆਂ ਲਈ ਪ੍ਰੇਰਨਾ ਦਾ ਸਰੋਤ ਬਣ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਭਾਰਤੀ ਮਹਿਲਾ ਟੀਮ ਨੇ ਫਾਈਨਲ ਤੋਂ ਪਹਿਲਾਂ ਸੈਮੀਫਾਈਨਲ ਵਿੱਚ ਸ੍ਰੀਲੰਕਾ ਨੂੰ 39-14 ਨਾਲ ਕਰਾਰੀ ਹਾਰ ਦਿੱਤੀ ਸੀ। ਦੂਜੇ ਪਾਸੇ ਯੂਗਾਂਡਾ ਨੇ ਕੀਨੀਆ ਨੂੰ 23-21 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਫਾਈਨਲ ਵਿੱਚ ਭਾਰਤੀ ਖਿਡਾਰਨਾਂ ਨੇ ਸ਼ੁਰੂ ਤੋਂ ਹੀ ਆਪਣਾ ਦਬਦਬਾ ਬਣਾਈ ਰੱਖਿਆ ਅਤੇ 20 ਅੰਕਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ ਕਰਦਿਆਂ ਖ਼ਿਤਾਬ ਆਪਣੇ ਨਾਂ ਕਰ ਲਿਆ।