ਅੰਮ੍ਰਿਤਸਰ : ਤਰਨਤਾਰਨ ਵਿੱਚ CIA ਕਰਮਚਾਰੀ ਨੂੰ ਤੰਗ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ IT ਵਿੰਗ ਪ੍ਰਧਾਨ ਨਛੱਤਰ ਸਿੰਘ ਗਿੱਲ, ਗੁਰਜਿੰਦਰ ਸਿੰਘ ਫੈਲੋਕੇ ਅਤੇ ਰਜਿੰਦਰ ਸਿੰਘ ਝਬਾਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਤਿੰਨਾਂ ਨੂੰ ਇੱਕ ਦਿਨ ਲਈ ਪੁਲਿਸ ਰਿਮਾਂਡ ‘ਤੇ ਭੇਜਣ ਦੇ ਆਦੇਸ਼ ਦਿੱਤੇ ਹਨ।
ਸ਼ਨਿਵਾਰ ਨੂੰ ਤਰਨਤਾਰਨ ਪੁਲਿਸ ਨੇ ਇਹ ਗ੍ਰਿਫ਼ਤਾਰੀਆਂ ਉਸ ਮਾਮਲੇ ਸਬੰਧੀ ਕੀਤੀਆਂ, ਜਿੱਥੇ 5 ਨਵੰਬਰ ਨੂੰ ਇੱਕ ਸੀਆਈਏ ਸਟਾਫ ਮੈਂਬਰ ਨੂੰ ਤੰਗ ਕਰਨ ਦਾ ਦੋਸ਼ ਲੱਗਾ ਸੀ। ਇਸ ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ, ਜਿਸ ਵਿੱਚ ਅਕਾਲੀ ਉਮੀਦਵਾਰ ਕੰਚਨਪ੍ਰੀਤ ਕੌਰ ਦੀ ਧੀ ਨਾਲ ਜੁੜੇ ਕਾਫਲੇ ਨੂੰ ਰੋਕਣ ਅਤੇ ਉਨ੍ਹਾਂ ਦੀ ਕਈ ਦਿਨਾਂ ਤੱਕ ਨਿਗਰਾਨੀ ਕਰਨ ਬਾਰੇ ਗੱਲਬਾਤ ਦਰਸਾਈ ਗਈ ਸੀ।
ਵੀਡੀਓ ਵਾਇਰਲ ਹੋਣ ਤੋਂ ਬਾਅਦ 24 ਅਕਾਲੀ ਆਗੂਆਂ ਅਤੇ ਸਮਰਥਕਾਂ ਵਿਰੁੱਧ ਪੁਲਿਸ ਅਧਿਕਾਰੀਆਂ ਨੂੰ ਤੰਗ ਕਰਨ ਅਤੇ ਰਾਹ ਰੋਕਣ ਦੇ ਦੋਸ਼ ‘ਤੇ ਕੇਸ ਦਰਜ ਕੀਤਾ ਗਿਆ। ਇਹ ਮਾਮਲਾ ਸੀਆਈਏ ਇੰਸਪੈਕਟਰ ਪ੍ਰਭਜੀਤ ਸਿੰਘ ਦੇ ਬਿਆਨ ਦੇ ਆਧਾਰ ‘ਤੇ ਦਰਜ ਹੋਇਆ। ਐਫਆਈਆਰ ਨਛੱਤਰ ਸਿੰਘ ਸਮੇਤ 12 ਪਹਚਾਣੇ ਹੋਏ ਤੇ 10–12 ਅਣਪਹਚਾਣੇ ਵਿਅਕਤੀਆਂ ਖ਼ਿਲਾਫ਼ ਦਰਜ ਕੀਤੀ ਗਈ ਹੈ।
ਦੋਸ਼ ਲੱਗਾ ਹੈ ਕਿ ਤਕਰੀਬਨ 10 ਦਿਨ ਪਹਿਲਾਂ ਇਨ੍ਹਾਂ ਵਿਅਕਤੀਆਂ ਨੇ ਸੀਆਈਏ ਦੇ ਇੱਕ ਕਰਮਚਾਰੀ ਦੀ ਕਾਰ ਰੋਕੀ, ਦੋ ਸਟਾਫ ਮੈਂਬਰਾਂ ਨਾਲ ਬਦਸਲੂਕੀ ਕੀਤੀ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਕਿ ਉਹ ਉਨ੍ਹਾਂ ਦਾ ਪਿੱਛਾ ਕਿਉਂ ਕਰ ਰਹੇ ਹਨ।
ਇਸ ਸਾਰੀ ਕਾਰਵਾਈ ‘ਤੇ ਪ੍ਰਤਿਕ੍ਰਿਆ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗ੍ਰਿਫ਼ਤਾਰੀਆਂ ਦੀ ਨਿੰਦਿਆ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਮਨੀ ਚੋਣਾਂ ਦੌਰਾਨ ਕਾਨੂੰਨ ਦੀ ਉਲੰਘਣਾ ਕੀਤੀ ਗਈ ਅਤੇ ਹੁਣ ਅਕਾਲੀ ਵਰਕਰਾਂ ‘ਤੇ ਝੂਠੇ ਕੇਸ ਲਗਾ ਕੇ ਦਬਾਅ ਬਣਾਇਆ ਜਾ ਰਿਹਾ ਹੈ

