ਜਲੰਧਰ ’ਚ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ, ਦੇਖੋ CCTV

ਜਲੰਧਰ: ਜਲੰਧਰ ਦੇ ਪਿੰਡ ਸੰਗਵਾਲ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਇੱਕ ਮਹਿਲਾ ਵੱਲੋਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਮੁਲਜ਼ਮ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ

ਸ਼ੋਰ ਮਚਾਉਂਦੀ ਹੋਈ ਅੰਦਰ ਵੜੀ ਮਹਿਲਾ, ਗੁਟਕਾ ਸਾਹਿਬ ਦੇ ਅੰਗ ਪਾੜੇ
ਮਿਲੀ ਜਾਣਕਾਰੀ ਮੁਤਾਬਕ, ਇੱਕ ਮਹਿਲਾ ਅਚਾਨਕ ਸ਼ੋਰ ਮਚਾਉਂਦੀ ਹੋਈ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਈ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਪਾਉਂਦਾ, ਉਸ ਨੇ ਉੱਥੇ ਸੁਸ਼ੋਭਿਤ ਗੁਟਕਾ ਸਾਹਿਬ ਦੇ ਅੰਗਾਂ ਨੂੰ ਫਾੜਨਾ ਸ਼ੁਰੂ ਕਰ ਦਿੱਤਾ। ਇਸ ਅਪਰਾਧਿਕ ਹਰਕਤ ਤੋਂ ਬਾਅਦ ਇਲਾਕੇ ਦੀ ਸੰਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ

ਡਰ ਕੇ ਭੱਜੇ ਮੌਜੂਦ ਬੱਚੇ
ਦੱਸਿਆ ਜਾ ਰਿਹਾ ਹੈ ਕਿ ਜਿਸ ਵੇਲੇ ਇਹ ਵਾਰਦਾਤ ਵਾਪਰੀ, ਉਸ ਸਮੇਂ ਗੁਰਦੁਆਰਾ ਸਾਹਿਬ ਦੇ ਅੰਦਰ ਕੁਝ ਬੱਚੇ ਮੌਜੂਦ ਸਨ। ਉਕਤ ਮਹਿਲਾ ਦੇ ਹਮਲਾਵਰ ਤੇ ਅਜੀਬ ਰਵੱਈਏ ਅਤੇ ਉਸ ਦੀ ਇਸ ਕਰਤੂਤ ਨੂੰ ਦੇਖ ਕੇ ਬੱਚੇ ਬੇਹੱਦ ਡਰ ਗਏ ਅਤੇ ਆਪਣੀ ਜਾਨ ਬਚਾਉਣ ਲਈ ਉੱਥੋਂ ਬਾਹਰ ਵੱਲ ਭੱਜੇ

ਹੈੱਡ ਗ੍ਰੰਥੀ ਦੇ ਬਿਆਨਾਂ ‘ਤੇ ਕੇਸ ਦਰਜ, ਮੁਲਜ਼ਮ ਮਹਿਲਾ ਗ੍ਰਿਫ਼ਤਾਰ
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਤੁਰੰਤ ਮੌਕੇ ’ਤੇ ਪਹੁੰਚੀ। ਪੁਲਿਸ ਨੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਮਹਿਲਾ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਬੇਅਦਬੀ ਕਰਨ ਦੀਆਂ ਸਖ਼ਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੀ ਗਈ ਮੁਲਜ਼ਮ ਮਹਿਲਾ ਦੀ ਪਛਾਣ ਰਾਧਿਕਾ ਵਜੋਂ ਹੋਈ ਹੈ। ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਘਟਨਾ ਪਿੱਛੇ ਕੀ ਮਕਸਦ ਸੀ। ਪੁਲਿਸ ਨੇ ਇਲਾਕਾ ਨਿਵਾਸੀਆਂ ਨੂੰ ਅਮਨ-ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ