ਨਿਊਜ਼ੀਲੈਂਡ ਦੇ PM ਨੇ ਜੱਥੇਦਾਰ ਗੜਗੱਜ ਨਾਲ ਕੀਤੀ ਮੁਲਾਕਾਤ, ਸ੍ਰੀ ਦਰਬਾਰ ਸਾਹਿਬ ਆਉਣ ਦਾ ਸੱਦਾ ਕਬੂਲਿਆ

ਆਕਲੈਂਡ : ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਐਤਵਾਰ ਨੂੰ ਆਕਲੈਂਡ ਦੇ ਓਟਾਹੂਹੂ ਸਥਿਤ ਗੁਰੂ ਨਾਨਕ ਸਿੱਖ ਸੰਗਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ, ਜਿਸ ਵਿੱਚ ਸਿੱਖ ਭਾਈਚਾਰੇ ਦੇ ਯੋਗਦਾਨ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ‘ਤੇ ਚਰਚਾ ਹੋਈ

ਸਿੱਖ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ
ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਲਕਸਨ ਅਤੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਵਿਚਕਾਰ ਨਿਊਜ਼ੀਲੈਂਡ ਵਿੱਚ ਰਹਿ ਰਹੇ ਸਿੱਖ ਭਾਈਚਾਰੇ ਅਤੇ ਹੋਰਨਾਂ ਭਾਈਚਾਰਿਆਂ ਦਰਮਿਆਨ ਆਪਸੀ ਸਦਭਾਵਨਾ ਅਤੇ ਸਮਝ ਵਧਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਨਿਊਜ਼ੀਲੈਂਡ ਦੇ ਵਿਕਾਸ ਅਤੇ ਤਰੱਕੀ ਵਿੱਚ ਸਿੱਖਾਂ ਵੱਲੋਂ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ

ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗਰਗੱਜ ਨੇ ਨਿਊਜ਼ੀਲੈਂਡ ਵਿੱਚ ਸਿੱਖ ਭਾਈਚਾਰੇ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਅਤੇ ਸਨਮਾਨ ਦੇਣ ਲਈ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ

ਸ੍ਰੀ ਹਰਿਮੰਦਰ ਸਾਹਿਬ ਆਉਣ ਦਾ ਦਿੱਤਾ ਸੱਦਾ
ਇਸ ਮੁਲਾਕਾਤ ਦੌਰਾਨ ਜੱਥੇਦਾਰ ਸਾਹਿਬ ਨੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੂੰ ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਇਸ ਸੱਦੇ ਨੂੰ ਬੜੀ ਖੁਸ਼ੀ ਨਾਲ ਸਵੀਕਾਰ ਕੀਤਾ ਅਤੇ ਜਲਦੀ ਹੀ ਪੰਜਾਬ ਫੇਰੀ ਦੀ ਸੰਭਾਵਨਾ ਜਤਾਈ

ਯਾਦਗਾਰੀ ਚਿੰਨ੍ਹਾਂ ਦਾ ਅਦਾਨ-ਪ੍ਰਦਾਨ
ਪਿਆਰ ਅਤੇ ਸਤਿਕਾਰ ਵਜੋਂ:

  • ਜੱਥੇਦਾਰ ਸਾਹਿਬ ਵੱਲੋਂ: ਪ੍ਰਧਾਨ ਮੰਤਰੀ ਨੂੰ ਇੱਕ ਵਿਸ਼ੇਸ਼ ਮਾਡਲ ਯਾਦਗਾਰੀ ਚਿੰਨ੍ਹ ਵਜੋਂ ਭੇਟ ਕੀਤਾ ਗਿਆ
  • ਪ੍ਰਧਾਨ ਮੰਤਰੀ ਵੱਲੋਂ: ਕ੍ਰਿਸਟੋਫਰ ਲਕਸਨ ਨੇ ਜੱਥੇਦਾਰ ਸਾਹਿਬ ਨੂੰ ਸਨਮਾਨ ਵਜੋਂ ਇੱਕ ਗੁੱਟ ਘੜੀ (Watch) ਤੋਹਫ਼ੇ ਵਿੱਚ ਦਿੱਤੀ

ਪਤਵੰਤੇ ਸੱਜਣਾਂ ਦੀ ਰਹੀ ਮੌਜੂਦਗੀ
ਇਸ ਮੌਕੇ ਟਾਕਾਨਿਨੀ ਤੋਂ ਐਮ.ਪੀ. ਰੀਮਾ ਨਾਖਲੇ, ਸੈਂਟਰਲ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੇ ਬੁਲਾਰੇ ਸ. ਦਲਜੀਤ ਸਿੰਘ, ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ ਅਤੇ ਮੀਡੀਆ ਸਲਾਹਕਾਰ ਸ. ਜਸਕਰਨ ਸਿੰਘ ਸਮੇਤ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।

ਇਹ ਮੁਲਾਕਾਤ ਨਾ ਸਿਰਫ਼ ਨਿਊਜ਼ੀਲੈਂਡ ਵਿੱਚ ਵਸਦੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ, ਸਗੋਂ ਇਸ ਨਾਲ ਦੋਵਾਂ ਦੇਸ਼ਾਂ ਦੇ ਸੱਭਿਆਚਾਰਕ ਅਤੇ ਧਾਰਮਿਕ ਸਬੰਧਾਂ ਵਿੱਚ ਹੋਰ ਵੀ ਮਜ਼ਬੂਤੀ ਆਉਣ ਦੀ ਉਮੀਦ ਹੈ