ਅੰਮ੍ਰਿਤਸਰ ਵਿੱਚ ਕਲਯੁਗੀ ਪਿਤਾ ਨੇ ਕੀਤਾ 19 ਸਾਲਾ ਧੀ ਦਾ ਕਤਲ, ਸ਼ੱਕ ਦੇ ਚਲਦਿਆਂ ਲਾਸ਼ ਘਰ ਪਿੱਛੇ ਦਫ਼ਨਾਈ

ਅੰਮ੍ਰਿਤਸਰ ਦੇ ਮੱਤੇਵਾਲ ਥਾਣਾ ਖੇਤਰ ਵਿੱਚ ਇੱਕ ਬਹੁਤ ਹੀ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਿਤਾ ਨੇ ਧੀ ਦੇ ਚਰਿੱਤਰ ‘ਤੇ ਸ਼ੱਕ ਕਰਦਿਆਂ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਘਰ ਦੇ ਪਿੱਛੇ ਹੀ ਦਫ਼ਨਾ ਦਿੱਤਾ। ਮ੍ਰਿਤਕਾ ਦੀ ਪਛਾਣ 19 ਸਾਲਾ ਨਵਨੀਤ ਕੌਰ ਵਜੋਂ ਹੋਈ ਹੈ। ਪੁਲਸ ਨੇ ਦੋਸ਼ੀ ਪਿਤਾ ਖ਼ਿਲਾਫ਼ ਕਤਲ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਘਟਨਾ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਮਾਂ ਸਰਬਜੀਤ ਕੌਰ ਨੂੰ ਆਪਣੇ ਪਤੀ ਦੇ ਵਤੀਰੇ ‘ਤੇ ਸ਼ੱਕ ਹੋਇਆ। ਮਾਂ ਨੇ ਜਦੋਂ ਜੇ.ਸੀ.ਬੀ. (JCB) ਮੰਗਵਾ ਕੇ ਘਰ ਦੇ ਪਿੱਛੇ ਖੁਦਾਈ ਕਰਵਾਈ ਤਾਂ ਜ਼ਮੀਨ ਹੇਠੋਂ ਨਵਨੀਤ ਕੌਰ ਦੀ ਲਾਸ਼ ਬਰਾਮਦ ਹੋਈ। ਸ਼ੁਰੂਆਤੀ ਜਾਂਚ ਮੁਤਾਬਕ ਕਤਲ ਤੋਂ ਕੁਝ ਦਿਨ ਪਹਿਲਾਂ ਹੀ ਲਾਸ਼ ਨੂੰ ਉੱਥੇ ਦੱਬਿਆ ਗਿਆ ਸੀ।

ਪੀੜਤਾ ਦੀ ਮਾਂ ਸਰਬਜੀਤ ਕੌਰ ਅਨੁਸਾਰ, ਕਰੀਬ ਅੱਠ ਮਹੀਨੇ ਪਹਿਲਾਂ ਉਨ੍ਹਾਂ ਦੀ ਇੱਕ ਹੋਰ ਧੀ ਨੇ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਸੀ, ਜਿਸ ਕਾਰਨ ਪਰਿਵਾਰ ਵਿੱਚ ਲਗਾਤਾਰ ਤਣਾਅ ਚੱਲ ਰਿਹਾ ਸੀ। ਇਸੇ ਰੰਜਿਸ਼ ਅਤੇ ਸ਼ੱਕ ਦੇ ਚਲਦਿਆਂ ਪਿਤਾ ਨੂੰ ਨਵਨੀਤ ਕੌਰ ‘ਤੇ ਵੀ ਗਲਤ ਸਬੰਧਾਂ ਦਾ ਸ਼ੱਕ ਹੋ ਗਿਆ ਸੀ। ਪਰਿਵਾਰਕ ਕਲੇਸ਼ ਤੋਂ ਤੰਗ ਆ ਕੇ ਸਰਬਜੀਤ ਕੌਰ 25 ਅਗਸਤ ਨੂੰ ਆਪਣੇ ਮਾਇਕੇ ਚਲੀ ਗਈ ਸੀ, ਜਿਸ ਦੌਰਾਨ ਘਰ ਵਿੱਚ ਦੋਵੇਂ ਧੀਆਂ ਮੌਜੂਦ ਸਨ। 31 ਅਗਸਤ ਨੂੰ ਨਵਨੀਤ ਨੇ ਆਪਣੀ ਮਾਂ ਨੂੰ ਫ਼ੋਨ ਕਰਕੇ ਦੱਸਿਆ ਸੀ ਕਿ ਉਸਦਾ ਪਿਤਾ ਘਰ ਦੇ ਪਿੱਛੇ ਟੋਆ ਪੁੱਟ ਰਿਹਾ ਹੈ। ਇਸ ਤੋਂ ਬਾਅਦ ਧੀ ਨਾਲ ਮਾਂ ਦਾ ਸੰਪਰਕ ਟੁੱਟ ਗਿਆ।  ਜਦੋਂ ਮਾਂ ਬੁੱਧਵਾਰ ਨੂੰ ਵਾਪਸ ਘਰ ਪਰਤੀ ਤਾਂ ਨਵਨੀਤ ਘਰ ਵਿੱਚ ਨਹੀਂ ਸੀ। ਪੁੱਛਗਿੱਛ ਕਰਨ ‘ਤੇ ਪਿਤਾ ਨੇ ਗੁਮਰਾਹ ਕਰਦਿਆਂ ਕਿਹਾ ਕਿ ਨਵਨੀਤ ਨੂੰ ਛੇ ਮਹੀਨਿਆਂ ਲਈ ਕਿਸੇ ਰਿਸ਼ਤੇਦਾਰ ਕੋਲ ਭੇਜ ਦਿੱਤਾ ਗਿਆ ਹੈ।

ਪਤੀ ਦੇ ਜਵਾਬ ਤੋਂ ਸੰਤੁਸ਼ਟ ਨਾ ਹੋਣ ‘ਤੇ ਮਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜੇ.ਸੀ.ਬੀ. ਰਾਹੀਂ ਖੁਦਾਈ ਕਰਵਾਈ ਤਾਂ ਸੱਚ ਸਾਹਮਣੇ ਆ ਗਿਆ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰ਼ਟ ਆਉਣ ਅਤੇ ਹੋਰ ਜਾਂਚ ਦੇ ਆਧਾਰ ‘ਤੇ ਦੋਸ਼ੀ ਪਿਤਾ ਨੂੰ ਜਲਦੀ ਹੀ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇਗਾ।