ਖ਼ਮੇਨੇਈ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਸੋਸ਼ਲ ਮੀਡੀਆ ਖਾਤੇ ਤੋਂ ਪਹਿਲੀ ਵੱਡੀ ਪੋਸਟ

ਤੇਹਰਾਨ : ਇਜ਼ਰਾਈਲ ਅਤੇ ਅਮਰੀਕਾ ਦੇ ਸਾਂਝੇ ਹਮਲੇ ਵਿੱਚ ਮਾਰੇ ਗਏ ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖ਼ਮੇਨੇਈ ਦੇ ਅਧਿਕਾਰਤ ਸੋਸ਼ਲ ਮੀਡੀਆ ਖਾਤੇ (X) ਤੋਂ ਸ਼ੁੱਕਰਵਾਰ ਨੂੰ ਇੱਕ ਹੈਰਾਨ ਕਰਨ ਵਾਲੀ ਪੋਸਟ ਸਾਂਝੀ ਕੀਤੀ ਗਈ ਹੈ। 28 ਫਰਵਰੀ ਨੂੰ ਹੋਏ ਹਮਲੇ ਵਿੱਚ ਖ਼ਮੇਨੇਈ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਖਾਤੇ ਤੋਂ ਇਹ ਪਹਿਲਾ ਸੰਦੇਸ਼ ਹੈ, ਜਿਸ ਨੇ ਪੂਰੀ ਦੁਨੀਆ ਵਿੱਚ ਹਲਚਲ ਮਚਾ ਦਿੱਤੀ ਹੈ

ਮਿਜ਼ਾਈਲ ਵੀਡੀਓ ਨਾਲ ਚੇਤਾਵਨੀ
86 ਸਾਲਾ ਖ਼ਮੇਨੇਈ ਦੀ ਮੌਤ ਦੀ ਪੁਸ਼ਟੀ 1 ਮਾਰਚ ਨੂੰ ਹੋਈ ਸੀ, ਪਰ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਐਕਸ (ਪਹਿਲਾਂ ਟਵਿੱਟਰ) ਖਾਤੇ ਤੋਂ ਇੱਕ ਵੀਡੀਓ ਜਾਰੀ ਕੀਤਾ ਗਿਆ। ਇਸ ਵੀਡੀਓ ਵਿੱਚ ਇੱਕ ਮਿਜ਼ਾਈਲ ਦੇ ਨਿਰਮਾਣ ਤੋਂ ਲੈ ਕੇ ਉਸ ਦੇ ਲਾਂਚ ਹੋਣ ਤੱਕ ਦੇ ਸਾਰੇ ਪੜਾਅ ਦਿਖਾਏ ਗਏ ਹਨ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਵਿਗਿਆਨੀ ਮਿਜ਼ਾਈਲ ਤਿਆਰ ਕਰਦੇ ਹਨ ਅਤੇ ਫਿਰ ਫੌਜੀ ਕਰਮਚਾਰੀ ਇਸਨੂੰ ਨਿਸ਼ਾਨੇ ‘ਤੇ ਦਾਗਦੇ ਹਨ

“ਇਨਸ਼ਾਅੱਲ੍ਹਾ, ਨਤੀਜੇ ਨਿਰਾਸ਼ਾਜਨਕ ਹੋਣਗੇ”
ਪੋਸਟ ਦੇ ਨਾਲ ਲਿਖੇ ਸੰਦੇਸ਼ ਵਿੱਚ ਸਿੱਧੇ ਤੌਰ ‘ਤੇ ਇਜ਼ਰਾਈਲ (ਜ਼ਾਇਨਿਸਟ ਸ਼ਾਸਨ) ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪੋਸਟ ਵਿੱਚ ਲਿਖਿਆ ਗਿਆ:

“ਇਸ ਦੇ ਨਤੀਜੇ ਉਸ ਸ਼ਾਸਨ (ਇਜ਼ਰਾਈਲ) ਨੂੰ ਨਿਰਾਸ਼ ਕਰ ਦੇਣਗੇ, ਇਨਸ਼ਾਅੱਲ੍ਹਾ।”

ਤਣਾਅ ਵਧਣ ਦੇ ਸੰਕੇਤ
ਮਾਹਰਾਂ ਦਾ ਮੰਨਣਾ ਹੈ ਕਿ ਭਾਵੇਂ ਖ਼ਮੇਨੇਈ ਦੀ ਮੌਤ ਹੋ ਚੁੱਕੀ ਹੈ, ਪਰ ਉਨ੍ਹਾਂ ਦੇ ਅਧਿਕਾਰਤ ਖਾਤੇ ਤੋਂ ਅਜਿਹੀ ਪੋਸਟ ਆਉਣਾ ਇਸ ਗੱਲ ਦਾ ਸੰਕੇਤ ਹੈ ਕਿ ਈਰਾਨ ਦੀ ਫੌਜ ਅਤੇ ਬਾਕੀ ਲੀਡਰਸ਼ਿਪ ਬਦਲਾ ਲੈਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਪੋਸਟ ਉਸ ਸਮੇਂ ਆਈ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲਾਂ ਹੀ ਈਰਾਨ ਨੂੰ ‘ਬਿਨਾਂ ਸ਼ਰਤ ਆਤਮ ਸਮਰਪਣ’ ਕਰਨ ਦੀ ਚੇਤਾਵਨੀ ਦੇ ਚੁੱਕੇ ਹਨ