ਲੁਧਿਆਣਾ ਦੇ ਡਿਵੀਜ਼ਨ ਨੰਬਰ 3 ਦੇ ਕੋਲ ਇੱਕ ਹੌਜ਼ਰੀ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਜਾਣ ਦੀ ਖਬਰ ਮਿਲੀ ਹੈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਸ ਹਾਦਸੇ ਵਿੱਚ ਤਿੰਨ ਲੋਕ ਝੁਲਸ ਗਏ ਅਤੇ ਉਨ੍ਹਾਂ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਇੱਕ ਕਰਮਚਾਰੀ ਦੀ ਮੌਤ ਹੋ ਗਈ। ਫਾਇਰ ਵਿਭਾਗ ਵੱਲੋ ਬਚਾਅ ਕਾਰਜ ਜਾਰੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਡਵੀਜ਼ਨ ਨੰਬਰ 3 ਦੇ ਨਜ਼ਦੀਕ ਪ੍ਰਾਚੀਨ ਗਊ ਸ਼ੈੱਡ ਦੇ ਸਾਹਮਣੇ ਸਥਿਤ ਇੱਕ ਫੈਕਟਰੀ ਵਿੱਚ ਦੇਰ ਰਾਤ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਕਾਰਨ ਫੈਕਟਰੀ ਅੰਦਰ ਪਿਆ ਹੌਜ਼ਰੀ ਦਾ ਸਾਮਾਨ ਅਤੇ ਮਸ਼ੀਨਾਂ ਸੜ ਕੇ ਸੁਆਹ ਹੋ ਗਈਆਂ। ਧੂੰਆਂ ਨਿਕਲਣ ਕਾਰਨ ਛੱਤ ‘ਤੇ ਸੁੱਤੇ ਮਕਾਨ ਮਾਲਕ ਸਮੇਤ ਦੋ ਕਿਰਾਏਦਾਰਾਂ ਦੀ ਹਾਲਤ ਦਮ ਘੁੱਟਣ ਕਾਰਨ ਵਿਗੜ ਗਈ।
