ਫੋਨ ਨੂੰ ਲੈਕੇ ਹੋਈ ਲੜਾਈ ਤਾਂ ਗੁੱਸੇ ਵਿੱਚ ਆਈ ਲੜਕੀ ਨੇ ਨਿਗਲਿਆ ਫੋਨ, ਡਾਕਟਰਾਂ ਨੇ ਆਪਰੇਸ਼ਨ ਕਰ ਬਚਾਈ ਜਾਨ

ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਕਿਸੇ ਵਿਅਕਤੀ ਨੇ ਅਚਾਨਕ ਸਿੱਕਾ, ਅੰਗੂਠੀ, ਸੇਫਟੀ ਪਿੰਨ ਆਦਿ ਵਰਗੀ ਕੋਈ ਚੀਜ਼ ਨਿਗਲ ਲਈ। ਪਰ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲੇ ‘ਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ ਲੜਕੀ ਨੇ ਗੁੱਸੇ ‘ਚ ਮੋਬਾਇਲ ਫੋਨ ਹੀ ਨਿਗਲ ਲਿਆ। ਜਦੋਂ ਪਰਿਵਾਰ ਵਾਲੇ ਲੜਕੀ ਨੂੰ ਲੈ ਕੇ ਹਸਪਤਾਲ ਪੁੱਜੇ ਤਾਂ ਮੋਬਾਇਲ ਉਸਦੇ ਢਿੱਡ ਵਿੱਚ ਸੀ। ਜਿਸ ਕਾਰਨ ਲੜਕੀ ਨੂੰ ਕਾਫੀ ਦਰਦ ਹੋ ਰਿਹਾ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਅਲਟਰਾਸਾਊਂਡ ਕੀਤਾ ਗਿਆ, ਜਿਸਤੋਂ ਬਾਅਦ ਪੇਟ ਦਾ ਆਪਰੇਸ਼ਨ ਕਰਕੇ ਪੇਟ ‘ਚੋਂ ਮੋਬਾਇਲ ਕੱਢਿਆ ਗਿਆ ਅਤੇ ਕੁੜੀ ਦੀ ਜਾਨ ਬਚ ਗਈ। ਡਾਕਟਰ ਨੇ ਦੱਸਿਆ ਕਿ ਇਹ ਪਹਿਲਾ ਅਜਿਹਾ ਮਾਮਲਾ ਹੈ ਜਿਸ ਵਿੱਚ ਇੰਨੀ ਵੱਡੀ ਚੀਜ਼ ਗਲੇ ਰਾਹੀਂ ਪੇਟ ਤੱਕ ਪਹੁੰਚੀ ਹੈ। ਹਾਲਾਂਕਿ ਇਸ ਦਾ ਸਫਲ ਆਪ੍ਰੇਸ਼ਨ ਕਰਕੇ ਲੜਕੀ ਦੀ ਜਾਨ ਬਚਾਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁੜੀ ਅਤੇ ਉਸਦੇ ਭਰਾ ਵਿੱਚ ਫੋਨ ਨੂੰ ਲੈ ਕੇ ਝਗੜਾ ਹੋ ਰਿਹਾ ਸੀ ਜਿਸ ਤੋਂ ਨਾਰਾਜ ਹੋ ਕੇ ਕੁੜੀ ਨੇ ਗੁੱਸੇ ਵਿੱਚ ਆ ਕੇ ਮੋਬਾਇਲ ਫੋਨ ਨਿਗਲ ਲਿਆ। ਫਿਰ ਜਦੋਂ ਉਸ ਨੂੰ ਤੇਜ਼ ਢਿੱਡ ਪੀੜ ਹੋਣ ਲੱਗੀ ਤਾਂ ਘਰਵਾਲੇ ਤੁਰੰਤ ਉਸ ਨੂੰ ਹਸਪਤਾਲ ਲੈ ਗਏ। ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆਂ ਉਸ ਨੂੰ ਤੁਰੰਤ ਗਵਾਲੀਅਰ ਰੈਫਰ ਕਰ ਦਿੱਤਾ। ਗਵਾਲੀਅਰ ਪਹੁੰਚ ਕੇ ਡਾਕਟਰਾਂ ਦੀ ਟੀਮ ਨੇ ਸਮੇਂ ‘ਤੇ ਲੜਕੀ ਦਾ ਆਪ੍ਰੇਸ਼ਨ ਕੀਤਾ ਅਤੇ ਉਸ ਦੇ ਪੇਟ ‘ਚੋਂ ਮੋਬਾਇਲ ਫੋਨ ਕੱਢ ਉਸ ਦੀ ਜਾਨ ਬਚਾਈ ।

Tags :