ਜਲੰਧਰ ‘ਚ ਵੱਡੀ ਵਾਰਦਾਤ: ਨਾਬਾਲਗ ਨੇ ਬੱਚੇ ਨੂੰ ਦਿੱਤਾ ਜਨਮ, ਭੂਆ ਦੇ ਘਰ ਰਹਿ ਰਹੀ ਸੀ

ਜਲੰਧਰ ਦੇ ਇੱਕ ਪਿੰਡ ਵਿੱਚ ਮਨੁੱਖੀ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 15 ਸਾਲਾ ਨਾਬਾਲਗ ਕੁੜੀ ਨੇ ਹਸਪਤਾਲ ਵਿੱਚ ਬੱਚੇ ਨੂੰ ਜਨਮ ਦਿੱਤਾ। ਇਸ ਮਾਮਲੇ ਵਿੱਚ ਪੁਲਿਸ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਇੱਕ ਨੌਜਵਾਨ ਵਿਰੁੱਧ ਜਬਰ-ਜ਼ਿਨਾਹ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

ਪੇਟ ਦਰਦ ਕਾਰਨ ਖੁੱਲ੍ਹਿਆ ਭੇਤ

ਪੀੜਤ ਕੁੜੀ ਨੌਵੀਂ ਜਮਾਤ ਦੀ ਵਿਦਿਆਰਥਣ ਹੈ। ਪਿਛਲੇ ਕਰੀਬ ਡੇਢ ਮਹੀਨੇ ਤੋਂ ਉਹ ਪੇਟ ਵਿੱਚ ਦਰਦ ਦੀ ਸ਼ਿਕਾਇਤ ਕਰ ਰਹੀ ਸੀ। ਪਰਿਵਾਰ ਵੱਲੋਂ ਸ਼ੁਰੂ ਵਿੱਚ ਉਸ ਦਾ ਇਲਾਜ ਇੱਕ ਨਿੱਜੀ ਡਾਕਟਰ ਤੋਂ ਕਰਵਾਇਆ ਗਿਆ, ਪਰ ਕੋਈ ਫਰਕ ਨਹੀਂ ਪਿਆ। 19 ਅਪ੍ਰੈਲ 2026 ਨੂੰ ਜਦੋਂ ਦਰਦ ਜ਼ਿਆਦਾ ਵਧ ਗਿਆ, ਤਾਂ ਉਸ ਨੂੰ ਫਿਲੌਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ। ਉੱਥੇ ਮਹਿਲਾ ਡਾਕਟਰ ਨੇ ਜਾਂਚ ਤੋਂ ਬਾਅਦ ਖੁਲਾਸਾ ਕੀਤਾ ਕਿ ਕੁੜੀ ਗਰਭਵਤੀ ਹੈ ਅਤੇ ਉਸ ਦੇ ਬੱਚੇ ਦੇ ਜਨਮ ਦਾ ਸਮਾਂ ਨਜ਼ਦੀਕ ਹੈ।

ਡਿਲੀਵਰੀ ਤੋਂ ਬਾਅਦ ਹੋਈ ਪਛਾਣ

ਹਸਪਤਾਲ ਵਿੱਚ ਕੁੜੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਜਦੋਂ ਉਸ ਦੀ ਭੂਆ ਨੇ ਉਸ ਕੋਲੋਂ ਸੱਚ ਪੁੱਛਿਆ, ਤਾਂ ਕੁੜੀ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਰਾਹੁਲ ਨਾਮ ਦੇ ਨੌਜਵਾਨ ਨੇ ਉਸ ਨਾਲ ਗਲਤ ਕੰਮ ਕੀਤਾ ਸੀ, ਜਿਸ ਕਾਰਨ ਉਹ ਗਰਭਵਤੀ ਹੋ ਗਈ।

ਮਾਪਿਆਂ ਦਾ ਸਾਇਆ ਉੱਠਣ ਤੋਂ ਬਾਅਦ ਭੂਆ ਕੋਲ ਰਹਿ ਰਹੀ ਸੀ ਪੀੜਤਾ

ਸ਼ਿਕਾਇਤਕਰਤਾ ਮਹਿਲਾ (ਪੀੜਤਾ ਦੀ ਭੂਆ) ਨੇ ਦੱਸਿਆ ਕਿ ਕੁੜੀ ਦੇ ਹਾਲਾਤ ਕਾਫੀ ਦੁਖਦਾਈ ਰਹੀ ਹੈ। ਉਸ ਦੀ ਮਾਂ 13 ਸਾਲ ਪਹਿਲਾਂ ਪਰਿਵਾਰ ਨੂੰ ਛੱਡ ਕੇ ਚਲੀ ਗਈ ਸੀ ਅਤੇ ਲਗਭਗ ਡੇਢ ਸਾਲ ਪਹਿਲਾਂ ਉਸ ਦੇ ਪਿਤਾ ਦੀ ਵੀ ਮੌਤ ਹੋ ਗਈ। ਇਸ ਕਾਰਨ ਪੀੜਤਾ ਪਿਛਲੇ ਸੱਤ ਮਹੀਨਿਆਂ ਤੋਂ ਆਪਣੀ ਭੂਆ ਦੇ ਘਰ ਰਹਿ ਰਹੀ ਸੀ।

ਪੁਲਿਸ ਦੀ ਕਾਰਵਾਈ

ਬਿਲਗਾ ਥਾਣੇ ਦੇ ਐਸ.ਐਚ.ਓ. (SHO) ਗੁਰਸ਼ਰਨ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮ ਰਾਹੁਲ ਵਿਰੁੱਧ ਭਾਰਤੀ ਦੰਡਾਵਲੀ (IPC) ਦੀ ਧਾਰਾ 65(1) ਅਤੇ ਪੋਕਸੋ ਐਕਟ ਦੀ ਧਾਰਾ 6 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Tags :