ਮਨੀਸ਼ ਸਿਸੋਦੀਆ ਦਾ ਸਚਿਨ ਪਾਇਲਟ ਨੂੰ ਖੁੱਲ੍ਹਾ ਚੈਲੰਜ, ਬੋਲੇ- ‘ਪੰਜਾਬ ਵਰਗੇ 1,000 ਸਰਕਾਰੀ ਸਕੂਲ ਹਿਮਾਚਲ ’ਚ ਦਿਖਾਓ’

ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਸਿਆਸੀ ਤਕਰਾਰ ਇੱਕ ਵਾਰ ਫਿਰ ਤੇਜ਼ ਹੁੰਦੀ ਨਜ਼ਰ ਆ ਰਹੀ ਹੈ। ‘ਆਪ’ ਆਗੂ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਾਂਗਰਸ ਆਗੂ ਸਚਿਨ ਪਾਇਲਟ ਨੂੰ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਸਿੱਧਾ ਚੈਲੰਜ ਦਿੱਤਾ ਹੈ।

ਸਿਸੋਦੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਸਚਿਨ ਪਾਇਲਟ ਨੂੰ ਟੈਗ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਅਜਿਹੇ ਸ਼ਾਨਦਾਰ ਸਰਕਾਰੀ ਸਕੂਲਾਂ ਦੀ ਗਿਣਤੀ ਵੱਡੀ ਹੈ ਅਤੇ ਉਹ 1,000 ਸਕੂਲ ਦਿਖਾਉਣ ਲਈ ਤਿਆਰ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਪਾਇਲਟ ਹਿਮਾਚਲ ਪ੍ਰਦੇਸ਼ ਦੇ ਵੀ ਇਸੇ ਤਰ੍ਹਾਂ ਦੇ 1,000 ਸਰਕਾਰੀ ਸਕੂਲ ਦਿਖਾ ਸਕਦੇ ਹਨ।

‘ਆਓ ਦੋਵੇਂ ਸੂਬਿਆਂ ਦੇ ਸਕੂਲਾਂ ਦਾ ਆਡਿਟ ਕਰੀਏ’

ਮਨੀਸ਼ ਸਿਸੋਦੀਆ ਨੇ ਆਪਣੇ ਬਿਆਨ ਵਿੱਚ ਸਿਰਫ਼ ਸਕੂਲ ਦਿਖਾਉਣ ਦੀ ਗੱਲ ਨਹੀਂ ਕੀਤੀ, ਸਗੋਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਸਰਕਾਰੀ ਸਕੂਲਾਂ ਦਾ ਸਾਂਝਾ ਆਡਿਟ ਕਰਨ ਦਾ ਪ੍ਰਸਤਾਵ ਵੀ ਰੱਖਿਆ।

ਉਨ੍ਹਾਂ ਕਿਹਾ ਕਿ ਦੋਵੇਂ ਸੂਬਿਆਂ ਦੇ ਸਰਕਾਰੀ ਸਕੂਲਾਂ ਦੀ ਸਥਿਤੀ ਨੂੰ ਮੌਕੇ ’ਤੇ ਜਾ ਕੇ ਪਰਖਿਆ ਜਾਵੇ ਅਤੇ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਤੁਲਨਾ ਕੀਤੀ ਜਾਵੇ।

‘ਚੈਲੰਜ ਐਕਸੈਪਟ ਹੈ?’

ਸਿਸੋਦੀਆ ਨੇ ਆਪਣੇ X ਪੋਸਟ ਦੇ ਅੰਤ ਵਿੱਚ ਸਚਿਨ ਪਾਇਲਟ ਨੂੰ ਸਿੱਧਾ ਸਵਾਲ ਕਰਦਿਆਂ ਪੁੱਛਿਆ ਕਿ ਕੀ ਉਹ ਇਹ ਚੈਲੰਜ ਸਵੀਕਾਰ ਕਰਨ ਲਈ ਤਿਆਰ ਹਨ

ਇਸ ਬਿਆਨ ਨਾਲ ਪੰਜਾਬ ਦੀ ਸਰਕਾਰੀ ਸਿੱਖਿਆ ਨੂੰ ਲੈ ਕੇ ਸਿਆਸੀ ਬਹਿਸ ਹੋਰ ਗਰਮ ਹੋਣ ਦੇ ਆਸਾਰ ਹਨ। ਆਮ ਆਦਮੀ ਪਾਰਟੀ ਲਗਾਤਾਰ ਪੰਜਾਬ ਵਿੱਚ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਸਿੱਖਿਆ ਪ੍ਰਬੰਧ ਵਿੱਚ ਕੀਤੇ ਗਏ ਸੁਧਾਰਾਂ ਨੂੰ ਆਪਣੀ ਸਰਕਾਰ ਦੀਆਂ ਪ੍ਰਮੁੱਖ ਉਪਲਬਧੀਆਂ ਵਿੱਚ ਗਿਣਾਉਂਦੀ ਰਹੀ ਹੈ

ਹੁਣ ਸਿਸੋਦੀਆ ਵੱਲੋਂ ਹਿਮਾਚਲ ਪ੍ਰਦੇਸ਼ ਦੇ ਸਰਕਾਰੀ ਸਕੂਲਾਂ ਨਾਲ ਤੁਲਨਾ ਕਰਨ ਦਾ ਦਿੱਤਾ ਗਿਆ ਇਹ ਚੈਲੰਜ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਅਤੇ ਹਿਮਾਚਲ ਦੀ ਸਿੱਖਿਆ ਨੀਤੀ ਨੂੰ ਲੈ ਕੇ ਨਵੀਂ ਸਿਆਸੀ ਚਰਚਾ ਨੂੰ ਜਨਮ ਦੇ ਸਕਦਾ ਹੈ