ਮਿਸ਼ਨ ਕਲੀਨ ਪੰਜਾਬ ਤਹਿਤ ਵਾਲਮੀਕਿ ਮੁਹੱਲੇ ਵਿੱਚ ਕੀਤੀ ਗਈ ਸਫਾਈ: ਜਸਪ੍ਰੀਤ ਰੋਬੀ ਕੰਗ ਹਲਕਾ ਇੰਚਾਰਜ

ਨਵਾਂਸ਼ਹਿਰ : ਮਿਸ਼ਨ ਕਲੀਨ ਪੰਜਾਬ ਤਹਿਤ ਅੱਜ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੋਬੀ ਕੰਗ ਦੀ ਅਗਵਾਈ ਵਿੱਚ ਨਵਾਂਸ਼ਹਿਰ ਦੇ ਵਾਲਮੀਕਿ ਮੁਹੱਲਾ, ਨਵਾਂਸ਼ਹਿਰ ਵਿਖੇ ਵਿਸ਼ੇਸ਼ ਸਫਾਈ ਅਭਿਆਨ ਚਲਾਇਆ ਗਿਆ।

ਇਸ ਦੌਰਾਨ ਨਗਰ ਕੌਂਸਲ ਦੀਆਂ ਟੀਮਾਂ ਵੱਲੋਂ ਗਲੀਆਂ, ਨਾਲੀਆਂ ਦੀ ਸਫਾਈ ਕੀਤੀ ਗਈ ਅਤੇ ਕੂੜਾ-ਕਰਕਟ ਚੁੱਕਿਆ ਗਿਆ। ਹਲਕਾ ਇੰਚਾਰਜ ਰੋਬੀ ਕੰਗ ਨੇ ਖੁਦ ਮੌਕੇ ‘ਤੇ ਮੌਜੂਦ ਰਹਿ ਕੇ ਸਫਾਈ ਕੰਮ ਦਾ ਜਾਇਜ਼ਾ ਲਿਆ ਅਤੇ ਕਰਮਚਾਰੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ।

ਇਸ ਮੌਕੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੋਬੀ ਕੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਨੂੰ ਸਾਫ-ਸੁਥਰਾ ਅਤੇ ਕੂੜਾ-ਮੁਕਤ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਕਲੀਨ ਪੰਜਾਬ ਸਿਰਫ਼ ਸਰਕਾਰ ਦਾ ਹੀ ਨਹੀਂ, ਸਗੋਂ ਹਰ ਨਾਗਰਿਕ ਦਾ ਮਿਸ਼ਨ ਹੈ।

ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਸਫਾਈ ਮੁਹਿੰਮ ਜੋ ਸੂਬੇ ਭਰ ਵਿੱਚ 29 ਅਗਸਤ ਤੋਂ ਸ਼ੁਰੂ ਹੋਈ ਹੈ। ਇਹ ਮੁਹਿੰਮ 10 ਦਿਨ ਤੱਕ 7 ਸਤੰਬਰ ਤੱਕ ਲਗਾਤਾਰ ਚੱਲੇਗੀ ਅਤੇ ਇਸ ਦੌਰਾਨ ਸ਼ਹਿਰ ਦੇ ਸਾਰੇ ਵਾਰਡਾਂ, ਮੁਹੱਲਿਆਂ, ਬਾਜ਼ਾਰਾਂ ਅਤੇ ਜਨਤਕ ਥਾਵਾਂ ਦੀ ਸਫਾਈ ਯਕੀਨੀ ਬਣਾਈ ਜਾਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਪੰਜਾਬ ਨੂੰ ਸਾਫ਼- ਸੁਥਰਾ ਤੇ ਸੁੰਦਰ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਸ਼ਹਿਰ ਨੂੰ ਕੂੜਾ-ਮੁਕਤ, ਗੰਦਗੀ-ਮੁਕਤ ਬਣਾਉਣਾ, ਸੀਵਰੇਜ ਅਤੇ ਨਾਲੀਆਂ ਦੀ ਸਹੀ ਨਿਕਾਸੀ ਨੂੰ ਯਕੀਨੀ ਬਣਾਉਣਾ, ਮੱਛਰਾਂ ਅਤੇ ਬਿਮਾਰੀਆਂ ਦੀ ਰੋਕਥਾਮ ਕਰਨਾ ਅਤੇ ਲੋਕਾਂ ਵਿੱਚ ਸਫਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਪੰਜਾਬ ਨੂੰ ਹਰਿਆ-ਭਰਿਆ ਅਤੇ ਰੰਗਲਾ ਪੰਜਾਬ ਬਣਾਇਆ ਜਾ ਸਕੇ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੂੜਾ ਇੱਧਰ-ਉੱਧਰ ਨਾ ਸੁੱਟਣ, ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਰੱਖਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਤਾਂ ਜੋ ਸ਼ਹਿਰ ਨੂੰ ਸਾਫ-ਸੁਥਰਾ ਅਤੇ ਸੁੰਦਰ ਬਣਾਇਆ ਜਾ ਸਕੇ। ਇਸ ਮੌਕੇ ਤੇ ਕਾਰਜ ਸਾਧਕ ਅਫਸਰ ਨਵਾਂਸ਼ਹਿਰ ਮਨੀਸ਼ ਕੁਮਾਰ ਵੀ ਹਾਜਰ ਸਨ