ਮੇਰਠ (ਉੱਤਰ ਪ੍ਰਦੇਸ਼) RSS ਮੁੱਖੀ ਮੋਹਨ ਭਾਗਵਤ ਵੱਲੋ ਦੇਸ਼-ਵਿਦੇਸ਼ ਤੋਂ ਆਏ ਲਗਭਗ 950 ਖਿਡਾਰੀਆਂ ਨੂੰ ਸੰਬੋਧਨ ਕੀਤਾ ਗਿਆ । ਕਰੀਬ 50 ਮਿੰਟ ਦੇ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਸੰਘ ਦੀ ਲਗਭਗ 100 ਸਾਲਾਂ ਦੀ ਯਾਤਰਾ ਬਾਰੇ ਵਿਸਥਾਰ ਨਾਲ ਗੱਲ ਕਰਦੇ ਹੋਏ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ।
ਭਾਗਵਤ ਨੇ ਕਿਹਾ ਕਿ ਸੰਘ ਦਾ ਮੁੱਖ ਉਦੇਸ਼ ਰਾਜਨੀਤਿਕ ਸੱਤਾ ਹਾਸਲ ਕਰਨਾ ਨਹੀਂ ਹੈ, ਬਲਕਿ ਪੂਰੇ ਹਿੰਦੂ ਸਮਾਜ ਨੂੰ ਇਕਜੁੱਟ ਕਰਨਾ ਅਤੇ ਵਿਅਕਤੀ ਦੇ ਚਰਿੱਤਰ ਨਿਰਮਾਣ ਰਾਹੀਂ ਦੇਸ਼ ਨੂੰ ਮਜ਼ਬੂਤ ਬਣਾਉਣਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੰਘ ਆਪਣਾ ਨਾਮ ਵੱਡਾ ਕਰਨ ਲਈ ਨਹੀਂ, ਸਗੋਂ ਦੇਸ਼ ਦਾ ਨਾਮ ਉੱਚਾ ਕਰਨ ਲਈ ਕੰਮ ਕਰਦਾ ਹੈ।
ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਸੰਘ ਕਿਸੇ ਵੀ ਤਰ੍ਹਾਂ ਦੀ ਸੱਤਾ ਦੀ ਦੌੜ ਜਾਂ ਵਿਰੋਧ ਦੀ ਭਾਵਨਾ ਨਾਲ ਪ੍ਰੇਰਿਤ ਨਹੀਂ ਹੈ, ਸਗੋਂ ਸਮਾਜਿਕ ਏਕਤਾ ਅਤੇ ਸਮਰਸਤਾ ਨੂੰ ਮਜ਼ਬੂਤ ਬਣਾਉਣਾ ਹੀ ਇਸਦਾ ਅਸਲ ਮਕਸਦ ਹੈ। ਭਾਗਵਤ ਮੁਤਾਬਕ ਸੰਘ ਦਾ ਕੰਮ ਕਿਸੇ ਸਮੂਹ ਦੇ ਖਿਲਾਫ ਨਹੀਂ, ਬਲਕਿ ਸਾਰੇ ਸਮਾਜ ਨੂੰ ਜੋੜਨ ਲਈ ਹੈ।
ਭਾਰਤ ਦੀ ਅਵਧਾਰਣਾ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਸਿਰਫ਼ ਭੌਗੋਲਿਕ ਸੀਮਾਵਾਂ ਨਾਲ ਨਹੀਂ ਜੋੜਿਆ ਜਾ ਸਕਦਾ। ਭਾਰਤ ਦੀ ਆਤਮਾ ਭਗਵਾਨ ਰਾਮ, ਭਗਵਾਨ ਕ੍ਰਿਸ਼ਨ, ਭਗਵਾਨ ਬੁੱਧ, ਭਗਵਾਨ ਮਹਾਵੀਰ, ਸਵਾਮੀ ਵਿਵੇਕਾਨੰਦ, ਸਵਾਮੀ ਦਯਾਨੰਦ ਅਤੇ ਮਹਾਤਮਾ ਗਾਂਧੀ ਦੀਆਂ ਪਰੰਪਰਾਵਾਂ ਤੋਂ ਪ੍ਰੇਰਿਤ ਹੈ। ਉਨ੍ਹਾਂ ਨੇ ਕਿਹਾ ਕਿ “ਹਿੰਦੂ” ਸ਼ਬਦ ਵਿਭਿੰਨਤਾ ਵਿੱਚ ਏਕਤਾ ਦਾ ਪ੍ਰਤੀਕ ਹੈ, ਨਾ ਕਿ ਕਿਸੇ ਜਾਤੀ ਦਾ ਸੰਕੇਤ।
ਭਾਗਵਤ ਨੇ ਚੇਤਾਵਨੀ ਦਿੱਤੀ ਕਿ ਜਦੋਂ ਵੀ ਸਮਾਜਿਕ ਏਕਤਾ ਕਮਜ਼ੋਰ ਹੋਈ ਹੈ, ਤਦੋਂ ਦੇਸ਼ ਨੂੰ ਸੰਕਟਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੇ ਸਮਾਜ ਦੇ ਚਾਰ ਮੂਲ ਸਤੰਭ—ਸੰਸਕਾਰ, ਸਨਾਤਨ ਸੰਸਕ੍ਰਿਤੀ, ਧਰਮਭਾਵ ਅਤੇ ਸੱਚਾਈ—ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸੰਘ ਵਿਅਕਤੀ ਨਿਰਮਾਣ ਰਾਹੀਂ ਪੂਰੇ ਸਮਾਜ ਨੂੰ ਇਕਜੁੱਟ ਕਰਨ ਲਈ ਕੰਮ ਕਰ ਰਿਹਾ ਹੈ।
ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਕਿਸੇ ਇੱਕ ਸੰਸਥਾ ਦਾ ਨਹੀਂ, ਸਗੋਂ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਖੇਡਾਂ ਨੂੰ ਉਨ੍ਹਾਂ ਨੇ ਲੋਕਾਂ ਨੂੰ ਜੋੜਨ ਦਾ ਮਜ਼ਬੂਤ ਸਾਧਨ ਦੱਸਿਆ।
ਇਸ ਮੌਕੇ ਉਨ੍ਹਾਂ ਨੇ 1857 ਦੀ ਪਹਿਲੀ ਆਜ਼ਾਦੀ ਦੀ ਲੜਾਈ ਵਿੱਚ ਮੇਰਠ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਇਤਿਹਾਸਕ ਪਿਛੋਕੜ ਨੇ ਹੀ ਡਾ. ਕੇਸ਼ਵ ਬਲਿਰਾਮ ਹੇਡਗੇਵਾਰ ਨੂੰ 1925 ਵਿੱਚ ਸੰਘ ਦੀ ਸਥਾਪਨਾ ਲਈ ਪ੍ਰੇਰਿਤ ਕੀਤਾ ਸੀ।
