ਮਾਨਸਾ: ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਮਿਊਜ਼ਿਕ ਪ੍ਰੋਡਿਊਸਰ ਬੰਟੀ ਬੈਂਸ ਵੱਲੋਂ ਇੱਕ ਨਿੱਜੀ ਚੈਨਲ ‘ਤੇ ਦਿੱਤੀ ਇੰਟਰਵਿਊ ਦਾ ਠੋਕਵਾਂ ਜਵਾਬ ਦਿੱਤਾ ਹੈ। ਸੋਸ਼ਲ ਮੀਡੀਆ ਰਾਹੀਂ ਆਪਣਾ ਪੱਖ ਰੱਖਦਿਆਂ ਬਲਕੌਰ ਸਿੰਘ ਨੇ ਬੰਟੀ ਬੈਂਸ ‘ਤੇ ਭਰੋਸਾ ਤੋੜਨ ਅਤੇ ਪੈਸਿਆਂ ਦੇ ਹਿਸਾਬ-ਕਿਤਾਬ ਵਿੱਚ ਹੇਰਾਫੇਰੀ ਕਰਨ ਦੇ ਗੰਭੀਰ ਦੋਸ਼ ਲਗਾਏ ਹਨ
“ਦੁੱਖ ਦੀ ਘੜੀ ‘ਚ ਬੈਕਡੇਟ ਕੰਟਰੈਕਟ ‘ਤੇ ਕਰਵਾਏ ਸਾਈਨ”
ਬਲਕੌਰ ਸਿੰਘ ਨੇ ਖੁਲਾਸਾ ਕੀਤਾ ਕਿ ਜਦੋਂ 29 ਮਈ 2022 ਨੂੰ ਸ਼ੁਭਦੀਪ (ਸਿੱਧੂ ਮੂਸੇਵਾਲਾ) ਦੀ ਮੌਤ ਹੋਈ, ਤਾਂ ਉਸ ਤੋਂ ਮਹਿਜ਼ 4 ਦਿਨ ਬਾਅਦ ਯਾਨੀ 4 ਜੂਨ ਨੂੰ ਬੰਟੀ ਬੈਂਸ ਉਨ੍ਹਾਂ ਦੇ ਘਰ ਇੱਕ ਕੰਟਰੈਕਟ ਲੈ ਕੇ ਆਏ। ਉਨ੍ਹਾਂ ਇਲਜ਼ਾਮ ਲਗਾਇਆ ਕਿ ਉਸ ਸਮੇਂ ਪਰਿਵਾਰ ਡੂੰਘੇ ਸਦਮੇ ਵਿੱਚ ਸੀ, ਪਰ ਉਨ੍ਹਾਂ ਤੋਂ ਅਗਸਤ 2020 ਦੀ ਪਿਛਲੀ ਤਾਰੀਖ (Backdate) ਪਾ ਕੇ ਕੰਟਰੈਕਟ ਸਾਈਨ ਕਰਵਾਇਆ ਗਿਆ। ਉਨ੍ਹਾਂ ਸਵਾਲ ਚੁੱਕਿਆ ਕਿ ਅਜਿਹੇ ਹਾਲਾਤਾਂ ਵਿੱਚ ਇੰਨੀ ਜਲਦੀ ਕੰਟਰੈਕਟ ਸਾਈਨ ਕਰਵਾਉਣ ਦੀ ਕੀ ਲੋੜ ਸੀ?
ਪੈਸਿਆਂ ਦੇ ਲੈਣ-ਦੇਣ ‘ਤੇ ਵੱਡੇ ਸਵਾਲ
ਬਲਕੌਰ ਸਿੰਘ ਅਨੁਸਾਰ, ਸਿੱਧੂ ਦੇ ਕੰਮ ਦਾ ਸਾਰਾ ਹਿਸਾਬ-ਕਿਤਾਬ ਅਤੇ ਰਿਪੋਰਟਾਂ ਬੰਟੀ ਬੈਂਸ ਕੋਲ ਹੀ ਸਨ। ਉਨ੍ਹਾਂ ਕਿਹਾ:
ਬੰਟੀ ਬੈਂਸ ਨੇ ਹੀ ਸਲਾਹ ਦਿੱਤੀ ਸੀ ਕਿ ‘One Digital’ ਤੋਂ ਇਕੱਠੇ ਪੈਸੇ ਖਾਤੇ ਵਿੱਚ ਨਾ ਲਏ ਜਾਣ ਤਾਂ ਜੋ ਟੈਕਸ ਸਬੰਧੀ ਦਿੱਕਤਾਂ ਨਾ ਆਉਣ | ਪਰਿਵਾਰ ਨੂੰ ਹਮੇਸ਼ਾ ਇਹ ਦੱਸਿਆ ਗਿਆ ਕਿ ਕੰਪਨੀ ਦਾ ਮਾਲਕ ਗੁਰਪ੍ਰੀਤ ਭਸੀਨ ਹੈ। ਸ਼ਬੀਰ ਮੋਮਿਨ ਨਾਂ ਦੇ ਵਿਅਕਤੀ ਬਾਰੇ ਪਰਿਵਾਰ ਨੂੰ 2025 ਤੱਕ ਕੋਈ ਜਾਣਕਾਰੀ ਨਹੀਂ ਸੀ
“ਅਸੀਂ ਸ਼ਬੀਰ ਨੂੰ ਕਦੇ ਮਿਲੇ ਹੀ ਨਹੀਂ, ਨਾ ਹੀ ਸਾਡਾ ਪੁੱਤ ਕਦੇ ਉਸਨੂੰ ਮਿਲਿਆ ਸੀ। ਜਿਸ ਬੰਦੇ ਨੂੰ ਅਸੀਂ ਜਾਣਦੇ ਹੀ ਨਹੀਂ, ਉਸ ਨਾਲ ਕੋਈ ਐਗਰੀਮੈਂਟ ਕਿਵੇਂ ਹੋ ਸਕਦਾ ਹੈ?” – ਬਲਕੌਰ ਸਿੰਘ
“ਬੰਟੀ ਬੈਂਸ ਖੁਦ ਕੰਮ ਮੰਗਣ ਆਇਆ ਸੀ”
ਬਲਕੌਰ ਸਿੰਘ ਨੇ ਯਾਦ ਕਰਵਾਇਆ ਕਿ 2020 ਵਿੱਚ ਬੰਟੀ ਬੈਂਸ ਖੁਦ ਸਿੱਧੂ ਕੋਲ ਕੰਮ ਮੰਗਣ ਆਇਆ ਸੀ ਅਤੇ ਸਿੱਧੂ ਨੇ ਭਰੋਸਾ ਕਰਕੇ ਉਸਨੂੰ ਆਪਣਾ ਸਾਰਾ ਕੰਮ ਸੌਂਪ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜੇਕਰ ਬੰਟੀ ਨੂੰ ਪਤਾ ਸੀ ਕਿ ਕੰਪਨੀ ਵਿੱਚ ਕੰਮ ਸਹੀ ਨਹੀਂ ਹੋ ਰਿਹਾ, ਤਾਂ ਉਨ੍ਹਾਂ ਦਾ ਫਰਜ਼ ਬਣਦਾ ਸੀ ਕਿ ਉਹ ਪਰਿਵਾਰ ਨੂੰ ਸੱਚ ਦੱਸਦੇ ਅਤੇ ਸਾਰਾ ਹਿਸਾਬ ਕਲੀਅਰ ਕਰਵਾਉਂਦੇ।
ਪਰਿਵਾਰ ਦੀ ਮੰਗ: “ਸਾਨੂੰ ਸਿਰਫ਼ ਇਨਸਾਫ਼ ਅਤੇ ਹਿਸਾਬ ਚਾਹੀਦਾ ਹੈ”
ਮੂਸੇਵਾਲਾ ਦੇ ਪਿਤਾ ਨੇ ਸਾਫ਼ ਕੀਤਾ ਕਿ ਉਹ ਕਿਸੇ ਨੂੰ ਬਦਨਾਮ ਨਹੀਂ ਕਰਨਾ ਚਾਹੁੰਦੇ, ਪਰ ਉਹ ਆਪਣੇ ਹੱਕ ਦੀ ਕਮਾਈ ਅਤੇ ਸੱਚ ਚਾਹੁੰਦੇ ਹਨ। ਉਨ੍ਹਾਂ ਬੰਟੀ ਬੈਂਸ ਨੂੰ ਚੁਣੌਤੀ ਦਿੱਤੀ ਕਿ ਉਹ ਜਾਂ ਤਾਂ ਹਿਸਾਬ ਲੈ ਕੇ ਘਰ ਆਉਣ ਜਾਂ ਫਿਰ ਗੁਰਪ੍ਰੀਤ ਭਸੀਨ ਅਤੇ ਸ਼ਬੀਰ ਮੋਮਿਨ ਨੂੰ ਨਾਲ ਲੈ ਕੇ ਆਉਣ ਤਾਂ ਜੋ ਸਾਰੀ ਸਥਿਤੀ ਸਪੱਸ਼ਟ ਹੋ ਸਕੇ।
ਅੰਤ ਵਿੱਚ, ਉਨ੍ਹਾਂ ਨੇ ਸਿੱਧੂ ਦੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਜੋ ਇਸ ਔਖੀ ਘੜੀ ਵਿੱਚ ਪਰਿਵਾਰ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ

#buntybains #moosewalafatherpost #buntybainsnews #latestnews #webnews #punjabnews #mooswalaparentsVSbuntybains
