MP ਕੰਗ ਨੇ ਸੰਸਦ ਚ’ ਸ੍ਰੀ ਚਮਕੌਰ ਸਾਹਿਬ ਤੇ ਬਲਾਚੌਰ ਨੂੰ ਰੇਲਵੇ ਨੈੱਟਵਰਕ ਨਾਲ ਜੋੜਨ ਦੀ ਕੀਤੀ ਮੰਗ

ਨਵੀਂ ਦਿੱਲੀ : ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਅੱਜ ਸੰਸਦ ਵਿੱਚ ਰੇਲਵੇ ਬਜਟ ਅਤੇ ਮੰਗਾਂ ’ਤੇ ਹੋਈ ਚਰਚਾ ਦੌਰਾਨ ਪੰਜਾਬ, ਖਾਸ ਕਰਕੇ ਆਪਣੇ ਹਲਕੇ ਦੇ ਅਹਿਮ ਮੁੱਦਿਆਂ ਨੂੰ ਬਹੁਤ ਹੀ ਮਜ਼ਬੂਤੀ ਨਾਲ ਚੁੱਕਿਆ। ਕੰਗ ਨੇ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਵਾਲੇ ਇਲਾਕਿਆਂ ਨੂੰ ਰੇਲਵੇ ਨਾਲ ਜੋੜਨ ਅਤੇ ਰੁਕਿਆ ਹੋਇਆ ਵਿਕਾਸ ਮੁੜ ਸ਼ੁਰੂ ਕਰਨ ਦੀ ਵਕਾਲਤ ਕੀਤੀ

ਸ਼ਹੀਦਾਂ ਦੀ ਧਰਤੀ ਲਈ ਰੇਲਵੇ ਸੰਪਰਕ ਦੀ ਮੰਗ
ਐਮ.ਪੀ. ਕੰਗ ਨੇ ਸਦਨ ਵਿੱਚ ਬੋਲਦਿਆਂ ਕਿਹਾ ਕਿ ਸ੍ਰੀ ਚਮਕੌਰ ਸਾਹਿਬ, ਜੋ ਕਿ ਸ਼ਹੀਦਾਂ ਦੀ ਪਵਿੱਤਰ ਧਰਤੀ ਹੈ, ਨੂੰ ਰੇਲਵੇ ਲਾਈਨ ਨਾਲ ਜੋੜਨਾ ਬੇਹੱਦ ਜ਼ਰੂਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਬਲਾਚੌਰ ਇਲਾਕੇ ਨੂੰ ਵੀ ਰੇਲਵੇ ਨੈੱਟਵਰਕ ਦੇ ਨਕਸ਼ੇ ‘ਤੇ ਲਿਆਉਣ ਦੀ ਮੰਗ ਰੱਖੀ, ਤਾਂ ਜੋ ਇਲਾਕੇ ਦੇ ਲੋਕਾਂ ਨੂੰ ਬਿਹਤਰ ਆਵਾਜਾਈ ਦੀ ਸਹੂਲਤ ਮਿਲ ਸਕੇ

ਤਖ਼ਤ ਸਾਹਿਬਾਨਾਂ ਲਈ ਰੋਜ਼ਾਨਾ ਸੁਪਰਫਾਸਟ ਰੇਲਗੱਡੀ ਦੀ ਮੰਗ
ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਮਲਵਿੰਦਰ ਸਿੰਘ ਕੰਗ ਨੇ ਮੰਗ ਕੀਤੀ ਕਿ:

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਅਨੰਦਪੁਰ ਸਾਹਿਬ) ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਲਈ ਹਰ ਰੋਜ਼ ਇੱਕ ਸਿੱਧੀ ਸੁਪਰਫਾਸਟ ਰੇਲਗੱਡੀ ਚਲਾਈ ਜਾਵੇ , ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਤਖ਼ਤ ਸਾਹਿਬਾਨਾਂ ਦੇ ਦਰਸ਼ਨ ਕਰਨ ਵਿੱਚ ਵੱਡੀ ਸਹੂਲਤ ਮਿਲੇਗੀ

ਚਿਤੋਲੀ ਸਟੇਸ਼ਨ ਅਤੇ ਰੇਲਵੇ ਬ੍ਰਿਜਾਂ ਦੇ ਮੁੱਦੇ ‘ਤੇ ਘੇਰੀ ਸਰਕਾਰ
ਕੰਗ ਨੇ ਕੋਵਿਡ ਮਹਾਂਮਾਰੀ ਤੋਂ ਬਾਅਦ ਬੰਦ ਪਏ ਚਿਤੋਲੀ ਰੇਲਵੇ ਸਟੇਸ਼ਨ ਨੂੰ ਤੁਰੰਤ ਮੁੜ ਚਾਲੂ ਕਰਨ ਦੀ ਮੰਗ ਉਠਾਈ। ਇਸ ਤੋਂ ਇਲਾਵਾ, ਉਨ੍ਹਾਂ ਨੇ ਰੂਪਨਗਰ ਜ਼ਿਲ੍ਹੇ ਵਿੱਚ ਮਨਜ਼ੂਰ ਹੋਏ ਰੇਲਵੇ ਓਵਰ ਬ੍ਰਿਜਾਂ ਦੇ ਕੰਮ ਵਿੱਚ ਹੋ ਰਹੀ ਦੇਰੀ ‘ਤੇ ਗੰਭੀਰ ਚਿੰਤਾ ਪ੍ਰਗਟਾਈ। ਉਨ੍ਹਾਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਵਿਕਾਸ ਦੀ ਰਫ਼ਤਾਰ ਮੱਠੀ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨੂੰ ਤੁਰੰਤ ਤੇਜ਼ ਕੀਤਾ ਜਾਣਾ ਚਾਹੀਦਾ ਹੈ।

“ਮੈਂ ਪੰਜਾਬ ਦੇ ਸਮੂਹਿਕ ਵਿਕਾਸ ਅਤੇ ਆਪਣੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੀ ਤਰੱਕੀ ਲਈ ਪੂਰੀ ਵਚਨਬੱਧਤਾ ਨਾਲ ਖੜਾ ਹਾਂ। ਮੇਰਾ ਮਕਸਦ ਲੋਕਾਂ ਦੀਆਂ ਉਮੀਦਾਂ ਨੂੰ ਜ਼ਮੀਨ ’ਤੇ ਹਕੀਕਤ ਵਿੱਚ ਬਦਲਣਾ ਹੈ।” > — ਮਲਵਿੰਦਰ ਸਿੰਘ ਕੰਗ, ਮੈਂਬਰ ਪਾਰਲੀਮੈਂਟ ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ