ਥਾਣਾ ਹੰਡੇਸਰਾ ਅਧੀਨ ਪੈਂਦੇ ਪਿੰਡ ਜੋਲਾ ਕਲਾਂ ਵਿਖੇ ਪੁਰਾਣੀ ਰੰਜਿਸ਼ ਕਾਰਨ ਇੱਕ ਭਾਣਜੇ ਵੱਲੋਂ ਆਪਣੇ ਮਾਮੇ ਦਾ ਕੁਹਾੜੀ ਨਾਲ ਹਮਲਾ ਕਰਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਨੇਪਾਲ ਦਾ ਰਹਿਣ ਵਾਲਾ ਲਾਲਪੱਤ ਰਾਏ ਪਿੰਡ ਜੋਲਾ ਕਲਾਂ ਵਿਖੇ ਇੱਕ ਮੋਟਰ ‘ਤੇ ਰਹਿ ਕੇ ਮਜ਼ਦੂਰੀ ਕਰਦਾ ਹੈ ਅਤੇ ਉਸ ਨਾਲ ਕਮੇਸ਼ਰ ਰਾਏ (ਜ਼ਿਲ੍ਹਾ ਸਰਲਾਹੀ, ਨੇਪਾਲ) ਵੀ ਰਹਿੰਦਾ ਸੀ। ਕਮੇਸ਼ਰ ਰਾਏ ਦਾ ਭਾਣਜਾ ਰਾਮਜੀ ਰਾਏ (ਜ਼ਿਲ੍ਹਾ ਸੀਤਾਮੜੀ, ਬਿਹਾਰ) ਵੀ ਉੱਥੇ ਹੀ ਨੇੜੇ ਮਜ਼ਦੂਰੀ ਦਾ ਕੰਮ ਕਰਦਾ ਸੀ।
ਪੁਲਿਸ ਮੁਤਾਬਕ ਮਾਮੇ ਕਮੇਸ਼ਰ ਰਾਏ ਅਤੇ ਭਾਣਜੇ ਰਾਮਜੀ ਰਾਏ ਵਿਚਕਾਰ ਪੁਰਾਣੀ ਰੰਜਿਸ਼ ਚੱਲ ਰਹੀ ਸੀ, ਜਿਸ ਕਾਰਨ ਕੁਝ ਦਿਨ ਪਹਿਲਾਂ ਵੀ ਉਨ੍ਹਾਂ ਦਾ ਆਪਸ ਵਿੱਚ ਝਗੜਾ ਹੋਇਆ ਸੀ। ਬੀਤੀ 1 ਸਤੰਬਰ ਦੀ ਰਾਤ ਨੂੰ ਦੋਵਾਂ ਨੇ ਇਕੱਠੇ ਬੈਠ ਕੇ ਸ਼ਰਾਬ ਪੀਤੀ, ਜਿਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਵਿੱਚ ਮੁੜ ਤੌਖਲਾ ਪੈ ਗਿਆ। ਇਸੇ ਤਣਾਅ ਅਤੇ ਪੁਰਾਣੀ ਰੰਜਿਸ਼ ਤਹਿਤ ਰਾਮਜੀ ਰਾਏ ਨੇ ਦੇਰ ਰਾਤ ਤੇਜ਼ਧਾਰ ਹਥਿਆਰ (ਕੁਹਾੜੀ) ਨਾਲ ਆਪਣੇ ਮਾਮੇ ਕਮੇਸ਼ਰ ਰਾਏ ‘ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਹੰਡੇਸਰਾ ਦੇ ਮੁੱਖ ਅਫ਼ਸਰ ਇੰਸਪੈਕਟਰ ਸੁਨੀਲ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਪੁਲਿਸ ਨੇ ਮੁਲਜ਼ਮ ਰਾਮਜੀ ਰਾਏ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮ੍ਰਿਤਕ ਦੇ ਵਾਰਸਾਂ ਦੇ ਵਿਦੇਸ਼ ਜਾਂ ਦੂਜੇ ਰਾਜ ਤੋਂ ਪਹੁੰਚਣ ਉਪਰੰਤ ਪੋਸਟਮਾਰਟਮ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
