ਅਜੋਕੋ ਸਮੇਂ ਵਿੱਚ ਕਵਿਤਾਵਾਂ ਅਤੇ ਕਹਾਣੀਆ ਲਿਖਣ ਦਾ ਸ਼ੌਕ ਹੁਣ ਸਿਰਫ ਇੰਟਰਨੈੱਟ ਦੇ ਜ਼ਰੀਏ ਸਟੇਟਸ ਅਤੇ ਸਟੋਰੀਆਂ ਪਾਉਣ ਤੱਕ ਦਾ ਹੀ ਰਹਿ ਗਿਆ ਹੈ। ਜੇਕਰ ਇਹਨਾਂ ਸਟੋਰੀਆ ਨੂੰ ਮੁੜ ਤੋ ਕਿਤਾਬਾ ਵਿਚ ਕਹਾਣੀਆ ਬਣਾ ਕੇ ਪਰੋਇਆ ਜਾਵੇ ਤਾ ਸ਼ਾਹਿਦ ਮੁੜ ਲੋਕ ਜਾਗਰੂਕ ਹੋ ਸਕਦੇ ਹਨ ਤੇ ਕਿਤਾਬਾ ਨਾਲ ਪਿਆਰ ਪਾ ਸਕਦੇ ਹਨ। ਕਿਤਾਬਾ ਵਿੱਚ ਕਹਾਣੀਆ ਲਿਖਣ ਦਾ ਸੁਪਨਾ ਹੁਣ ਪੰਜਾਬ ਭਵਨ ਸਰੀ ਕੈਨੇਡਾ ਵੱਲੋ ਪੂਰਾ ਕੀਤਾ ਜਾਣ ਵੱਲ ਵੱਡਾ ਕਦਮ ਚੁੱਕਿਆ ਗਿਆ ਹੈ। ਇਸਦੇ ਬਾਰੇ ਜਾਣਕਾਰੀ ਪੰਜਾਬ ਭਵਨ ਸਰੀ ਦੇ ਮੁੱਖ ਪ੍ਰਬੰਧਕ ਤੇ ਕੈਨੇਡਾ ਦੇ ਉੱਘੇ ਬਿਜ਼ਨਸਮੈਨ ਸੁੱਖੀ ਬਾਠ ਵੱਲੋ ਦਿੱਤੀ ਗਈ ਹੈ।
ਉਹਨਾਂ ਦੱਸਿਆ ਹੈ ਕਿ ਕੈਨੇਡਾ ਤੋ ਵਿਦੇਸ਼ਾ ਵਿੱਚ ਵਸੇ ਪੰਜਾਬੀਆ ਨੂੰ ਮਾਂ ਬੋਲੀ, ਵਿਰਸੇ ਤੇ ਵਿਰਾਸਤ ਦੇ ਨਾਲ ਜੌੜੀ ਰੱਖਣ ਲਈ ਉਪਰਾਲਿਆ ਦੇ ਨਾਲ ਨਾਲ ਪੰਜਾਬ ਵਿੱਚ ਵੀ ਨਵੀਂ ਪਨੀਰੀ ਨੂੰ ਮਾਂ ਬੋਲੀ ਤੇ ਸਾਹਿਤ ਪੜਨ ਵੱਲ ਉਤਸ਼ਾਹਿਤ ਕਰਨ ਲਈ ਸਮੇਂ ਸਮੇਂ ਅਜਿਹੇ ਯਤਨ ਕੀਤੇ ਜਾਦੇ ਹਨ। ਇਸਤੋ ਇਲਾਵਾ ਉਹਨਾਂ ਦੱਸਿਆ ਕਿ ਪੰਜਾਬ ਭਵਨ ਵੱਲੋ ਇਹ ਬੱਚਿਆ ਦੀਆ 100 ਕਿਤਾਬਾ ਛਾਪਣ ਦਾ ਫੈਸਲਾ ਲਿਆ ਗਿਆ ਹੈ ਅਤੇ ਸਕੂਲਾ ਵਿੱਚ ਇਹ ਮੁਹਿੰਮ ਸ਼ੁਰੂ ਵੀ ਹੋ ਚੁੱਕੀ ਹੈ। ਇਸਦੀ ਸ਼ੁਰੂਆਤ ਕਾਨਫਰੰਸ ਸਮੇਂ ਜਾਰੀ ਕੀਤੀ ਬੱਚਿਆ ਦੀ ਪਹਿਲੀ ਕਿਤਾਬ ਨਵੀਆ ਫਿਲਮਾਂ, ਨਵੀਂ ਉਡਾਣ, ਰਿਲੀਜ਼ ਕੀਤੀ ਗਈ ਸੀ।
ਉਹਨਾਂ ਦੱਸਿਆ ਕਿ ਬੱਚਿਆ ਦੇ ਇਸ ਉਤਸ਼ਾਹ ਤੋ ਬਾਅਦ ਪੰਜਾਬ ਭਵਨ ਵੱਲੋ ਹਰ ਜਿਲੇ ਵਿੱਚੋ ਬੱਚਿਆ ਦੀਆ ਰਚਨਾਵਾਂ ਦੀਆ ਚਾਰ ਚਾਰ ਕਿਤਾਬਾਂ ਛਾਪਣ ਦਾ ਕਦਮ ਚੁੱਕਿਆ ਗਿਆ ਤੇ ਇਸ ਯੋਜਨਾ ਲਈ ਹਰ ਜਿਲੇ ਵਿੱਚ ਪੰਜ-ਪੰਜ ਮੈਂਬਰੀ ਕਮੇਟੀ ਵੀ ਗਠਿਤ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ 23 ਜਿਲਿਆ ਵਿੱਚੋ 92 ਕਿਤਾਬਾਂ ਪੰਜਾਬ ਦੇ ਬੱਚਿਆ ਦੀਆ ਛਾਪੀਆ ਜਾਣਗੀਆ ਅਤੇ 8 ਕਿਤਾਬਾ ਕੈਨੇਡਾ ਸਮੇਤ ਹੋਰ ਦੇਸ਼ਾ ਵਿੱਚ ਵਸੇ ਪੰਜਾਬੀ ਬੱਚਿਆ ਦੀਆ ਛਾਪੀਆ ਜਾਣਗੀਆ। ਉਹਨਾ ਦੱਸਿਆ ਕਿ ਬੱਚਿਆ ਦੀਆ ਕੁੱਲ 9000 ਹਜਾਰ ਰਚਨਾਵਾਂ ਛਾਪਣ ਦੀ ਟੀਚਾ ਮਿੱਥਿਆ ਗਿਆ ਹੈ ਤਾ ਕਿ ਬੱਚੇ ਮਾ ਬੋਲੀ ਨਾਲ ਜੁੜ ਸਕਣ।
ਉਹਨਾਂ ਇਹ ਵੀ ਦੱਸਿਆ ਕਿ ਛਪਣ ਵਾਲੀਆ ਕਿਤਾਬਾ ਦੀ ਗਿਣਤੀ 30 ਹਜਾਰ ਹੋਵੇਗੀ। ਸੁੱਖੀ ਬਾਠ ਨੇ ਦੱਸਿਆ ਕਿ ਰਚਨਾਵਾ ਲਿਖਣ ਵਾਲੇ ਹਰ ਬੱਚੇ ਦਾ ਪੰਜਾਬ ਭਵਨ ਵੱਲੋ ਸਨਮਾਨ ਵੀ ਕੀਤਾ ਜਾਵੇਗਾ ਅਤੇ ਆਉਦੇ ਸਮੇਂ ਵਿੱਚ ਬਾਲ ਸਾਹਿਤਕਾਰਾ ਦੀ ਇੱਕ ਵਿਸ਼ਵ ਪੱਧਰੀ ਕਾਨਫਰੰਸ ਵੀ ਪੰਜਾਬ ਵਿੱਚ ਕਰਵਾਈ ਜਾਵੇਗੀ।
