ਪੰਜਾਬ ‘ਚ 24 ਅਪ੍ਰੈਲ ਨੂੰ ਹੋਵੇਗਾ ‘ਬਲੈਕਆਊਟ’: ਰਹਿਣਗੀਆਂ ਬੱਤੀਆਂ ਬੰਦ, ਵੱਜਣਗੇ ਸਾਇਰਨ

ਚੰਡੀਗੜ੍ਹ : ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ 24 ਅਪ੍ਰੈਲ (ਸ਼ੁੱਕਰਵਾਰ) ਰਾਤ 8 ਵਜੇ ਇੱਕ ਵਿਸ਼ੇਸ਼ ‘ਬਲੈਕਆਊਟ’ ਮੌਕ ਡਰਿੱਲ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ‘ਤੇ ਕਰਵਾਈ ਜਾ ਰਹੀ ਇਹ ਡਰਿੱਲ ਸਿਵਲ ਡਿਫੈਂਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕੀਤੀ ਜਾ ਰਹੀ ਹੈ

ਕਿੱਥੇ ਅਤੇ ਕਦੋਂ ਹੋਵੇਗੀ ਡਰਿੱਲ?
ਇਹ ਅਭਿਆਸ ਸ਼ੁੱਕਰਵਾਰ ਰਾਤ 8:00 ਵਜੇ ਤੋਂ 8:15 ਵਜੇ ਤੱਕ ਚੱਲੇਗਾ। ਇਸ ਦੇ ਮੁੱਖ ਕੇਂਦਰ ਹੇਠ ਲਿਖੇ ਹੋਣਗੇ:

ਅੰਮ੍ਰਿਤਸਰ: ਰਣਜੀਤ ਐਵੀਨਿਊ ਸਥਿਤ ਪਾਈਟੈਕਸ (Pytex) ਗਰਾਊਂਡ

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਅਤੇ ਅਗਰ ਨਗਰ PSPCL ਡਿਵੀਜ਼ਨ ਅਧੀਨ ਆਉਂਦੇ ਇਲਾਕੇ

ਸਾਇਰਨ ਵੱਜਦਿਆਂ ਹੀ ਕਰਨੀ ਹੋਵੇਗੀ ਬੱਤੀ ਗੁੱਲ
ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ, ਰਾਤ 7:55 ਵਜੇ ਪਹਿਲਾ ਸਾਇਰਨ ਵਜਾਇਆ ਜਾਵੇਗਾ ਅਤੇ ਜਨਤਕ ਐਲਾਨ ਕੀਤੇ ਜਾਣਗੇ। ਰਾਤ 8 ਵਜੇ ‘ਏਅਰ ਰੇਡ ਵਾਰਨਿੰਗ’ (ਹਵਾਈ ਹਮਲੇ ਦੀ ਚੇਤਾਵਨੀ) ਸਾਇਰਨ ਵੱਜਦੇ ਹੀ ਬਿਜਲੀ ਵਿਭਾਗ ਇਲਾਕੇ ਦੀ ਸਪਲਾਈ ਬੰਦ ਕਰ ਦੇਵੇਗਾ। ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ ਅਤੇ ਦੁਕਾਨਾਂ ਦੀਆਂ ਲਾਈਟਾਂ ਬੰਦ ਰੱਖਣ

ਡਰਿੱਲ ਦਾ ਮੁੱਖ ਮਕਸਦ
ਇਸ ਮੌਕ ਡਰਿੱਲ ਦਾ ਉਦੇਸ਼ ਕਿਸੇ ਵੀ ਅਣਪਛਾਤੀ ਐਮਰਜੈਂਸੀ ਜਾਂ ਦੁਸ਼ਮਣ ਦੇ ਹਮਲੇ ਦੀ ਸਥਿਤੀ ਵਿੱਚ ਨਾਗਰਿਕਾਂ ਅਤੇ ਪ੍ਰਸ਼ਾਸਨ ਦੀ ਤਿਆਰੀ ਨੂੰ ਪਰਖਣਾ ਹੈ। ਇਸ ਵਿੱਚ ਕਈ ਵਿਭਾਗ ਮਿਲ ਕੇ ਕੰਮ ਕਰਨਗੇ:

NDRF ਅਤੇ ਫਾਇਰ ਬ੍ਰਿਗੇਡ: ਅੱਗ ਬੁਝਾਉਣ ਅਤੇ ਬਚਾਅ ਕਾਰਜਾਂ ਦਾ ਅਭਿਆਸ

ਸਿਹਤ ਵਿਭਾਗ: ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਅਤੇ ਹਸਪਤਾਲ ਪਹੁੰਚਾਉਣ ਦੀ ਰਿਹਰਸਲ

ਪੁਲਿਸ ਅਤੇ ਪ੍ਰਸ਼ਾਸਨ: ਭੀੜ ਅਤੇ ਟ੍ਰੈਫਿਕ ਕੰਟਰੋਲ ਦੇ ਪ੍ਰਬੰਧ

NCC ਅਤੇ ਹੋਰ ਸੰਸਥਾਵਾਂ: ਸਹਾਇਤਾ ਕਾਰਜਾਂ ਵਿੱਚ ਸ਼ਮੂਲੀਅਤ

ਕਿਉਂ ਹੈ ਇਹ ਅਭਿਆਸ ਅਹਿਮ?
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਅਜਿਹੀਆਂ ਡਰਿੱਲਸ ਕਰਵਾਈਆਂ ਗਈਆਂ ਸਨ, ਜਿਸ ਤੋਂ ਤੁਰੰਤ ਬਾਅਦ ਭਾਰਤ ਨੇ ਪਾਕਿਸਤਾਨ ਸਥਿਤ ਅੱਤਵਾਦੀ ਢਾਂਚੇ ਵਿਰੁੱਧ ‘ਆਪ੍ਰੇਸ਼ਨ ਸਿੰਦੂਰ’ ਚਲਾਇਆ ਸੀ। ਗ੍ਰਹਿ ਮੰਤਰਾਲੇ ਅਨੁਸਾਰ, ਇਸ ਅਭਿਆਸ ਵਿੱਚ ਨਾਗਰਿਕਾਂ ਨੂੰ ਬੰਕਰਾਂ ਦੀ ਸਫਾਈ, ਖਾਈਆਂ ਦੀ ਵਰਤੋਂ ਅਤੇ ਹਵਾਈ ਹਮਲੇ ਦੌਰਾਨ ਬਚਾਅ ਦੇ ਤਰੀਕਿਆਂ ਬਾਰੇ ਸਿਖਲਾਈ ਦਿੱਤੀ ਜਾਵੇਗੀ

‘ਆਲ ਕਲੀਅਰ’ ਦਾ ਸੰਕੇਤ
ਸਿਵਲ ਡਿਫੈਂਸ ਇੰਸਟ੍ਰਕਟਰ ਹਰਜਾਇ ਖੰਨਾ ਨੇ ਦੱਸਿਆ ਕਿ ਅਭਿਆਸ ਦੀ ਸਮਾਪਤੀ ਤੋਂ ਬਾਅਦ 2 ਮਿੰਟ ਤੱਕ ਲਗਾਤਾਰ ਸਾਇਰਨ ਵਜਾਇਆ ਜਾਵੇਗਾ, ਜੋ ‘ਆਲ ਕਲੀਅਰ’ ਦਾ ਸੰਕੇਤ ਹੋਵੇਗਾ। ਇਸ ਤੋਂ ਬਾਅਦ ਜੀਵਨ ਮੁੜ ਆਮ ਵਾਂਗ ਹੋ ਜਾਵੇਗਾ। ਹਾਲਾਂਕਿ, ਇਸ ਦੌਰਾਨ ਜ਼ਰੂਰੀ ਸੇਵਾਵਾਂ (ਐਂਬੂਲੈਂਸ ਆਦਿ) ਚਾਲੂ ਰਹਿਣਗੀਆਂ।

ਸਹਾਇਕ ਕਮਿਸ਼ਨਰ ਜਨਰਲ ਪ੍ਰਗਤੀ ਸੇਠੀ ਅਤੇ ਵਧੀਕ ਕੰਟਰੋਲਰ ਸਿਵਲ ਡਿਫੈਂਸ ਮਨਪ੍ਰੀਤ ਸਿੰਘ ਰੰਧਾਵਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕੌਮੀ ਸੁਰੱਖਿਆ ਅਭਿਆਸ ਵਿੱਚ ਪੂਰਨ ਸਹਿਯੋਗ ਦੇਣ ਅਤੇ ਘਬਰਾਉਣ ਦੀ ਲੋੜ ਨਹੀਂ ਹੈ