ਚੰਡੀਗੜ੍ਹ: ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਵਿੱਢੀ ਗਈ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਨੇ ਆਪਣੇ ਸਫ਼ਲਤਾਪੂਰਵਕ 5 ਮਹੀਨੇ ਪੂਰੇ ਕਰ ਲਏ ਹਨ। ਇਸ ਦੌਰਾਨ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਵੱਡੀ ਕਾਰਵਾਈ ਕਰਦਿਆਂ 93,927 ਛਾਪੇਮਾਰੀਆਂ ਕੀਤੀਆਂ, ਜਿਸ ਦੇ ਨਤੀਜੇ ਵਜੋਂ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਸਮੇਤ ਕੁੱਲ 38,738 ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਭੇਜਿਆ ਗਿਆ ਹੈ
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਨਿਰਦੇਸ਼ਾਂ ‘ਤੇ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ 20 ਜਨਵਰੀ, 2026 ਨੂੰ ਇਸ ਫੈਸਲਾਕੁੰਨ ਜੰਗ ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਵਿਸ਼ੇਸ਼ ਮੁਹਿੰਮ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਅਤੇ ਸਾਰੇ ਜ਼ਿਲ੍ਹਿਆਂ ਦੀ ਪੁਲਿਸ ਦੇ ਆਪਸੀ ਤਾਲਮੇਲ ਨਾਲ ਚਲਾਈ ਜਾ ਰਹੀ ਹੈ।
ਹਥਿਆਰਾਂ ਅਤੇ ਕਾਰਤੂਸਾਂ ਦੀ ਵੱਡੀ ਬਰਾਮਦਗੀ
ਵਿਸ਼ੇਸ਼ DGP (ਕਾਨੂੰਨ ਅਤੇ ਵਿਵਸਥਾ) ਪ੍ਰਵੀਨ ਸਿਨਹਾ ਨੇ ਮੁਹਿੰਮ ਦੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਪੁਲਿਸ ਟੀਮਾਂ ਨੇ ਹੁਣ ਤੱਕ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ਵਿੱਚ ਅਸਲਾ-ਬਾਰੂਦ ਬਰਾਮਦ ਕੀਤਾ ਹੈ, ਜਿਸ ਵਿੱਚ ਸ਼ਾਮਲ ਹਨ
- ਨਾਜਾਇਜ਼ ਹਥਿਆਰ: 716
- ਤੇਜ਼ਧਾਰ ਹਥਿਆਰ: 187
- ਜ਼ਿੰਦਾ ਕਾਰਤੂਸ: 1,976
- ਮੈਗਜ਼ੀਨ: 209
- ਹੈਂਡ ਗ੍ਰਨੇਡ: 12
ਤਸਦੀਕ ਅਤੇ ਇਹਤਿਆਤੀ ਕਾਰਵਾਈਆਂ
ਵਿਸ਼ੇਸ਼ ਡੀਜੀਪੀ ਅਨੁਸਾਰ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਹੁਣ ਤੱਕ 15,825 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਹੈ। ਦੂਜੇ ਪਾਸੇ, ਨਿਰਦੋਸ਼ ਲੋਕਾਂ ਦੀ ਖ਼ਰਾਬੀ ਨਾ ਹੋਣ ਦੇਣ ਦੀ ਨੀਤੀ ਤਹਿਤ 18,042 ਵਿਅਕਤੀਆਂ ਨੂੰ ਪੂਰੀ ਤਸਦੀਕ ਅਤੇ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਇਸ ਤੋਂ ਇਲਾਵਾ, ਪੁਲਿਸ ਨੇ ਮੁਹਿੰਮ ਦੌਰਾਨ 1,244 ਭਗੌੜੇ ਅਪਰਾਧੀਆਂ (PO) ਨੂੰ ਵੀ ਦਬੋਚਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਮੁਹਿੰਮ ਦੇ 151ਵੇਂ ਦਿਨ ਪੁਲਿਸ ਨੇ ਰਾਜ ਭਰ ਵਿੱਚ 575 ਛਾਪੇਮਾਰੀਆਂ ਕਰਕੇ 348 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਇਸ ਦੌਰਾਨ 125 ਵਿਅਕਤੀਆਂ ‘ਤੇ ਇਹਤਿਆਤੀ ਕਾਰਵਾਈ ਹੋਈ ਅਤੇ 5 ਭਗੌੜੇ (PO) ਫੜੇ ਗਏ
ਜਨਤਾ ਲਈ ਐਂਟੀ-ਗੈਂਗਸਟਰ ਹੈਲਪਲਾਈਨ ਨੰਬਰ
ਪੁਲਿਸ ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਕਿ ਨਾਗਰਿਕ ਬਿਨਾਂ ਕਿਸੇ ਡਰ ਦੇ ਅਪਰਾਧਿਕ ਗਤੀਵਿਧੀਆਂ ਦੀ ਸੂਚਨਾ ਸਾਂਝੀ ਕਰਨ। ਲੋਕ 93946-93946 ‘ਤੇ ਕਾਲ ਕਰਕੇ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਗੁਪਤ ਰੂਪ ਵਿੱਚ ਰਿਪੋਰਟ ਦਰਜ ਕਰਵਾ ਸਕਦੇ ਹਨ, ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ 476ਵੇਂ ਦਿਨ ਵੱਡੀ ਸਫ਼ਲਤਾ
ਗੈਂਗਸਟਰਾਂ ਦੇ ਨਾਲ-ਨਾਲ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਵੀ ਨਿਰੰਤਰ ਜਾਰੀ ਹੈ। 476ਵੇਂ ਦਿਨ ਪੁਲਿਸ ਨੇ 103 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਹੇਠ ਲਿਖੀ ਬਰਾਮਦਗੀ ਕੀਤੀ:
- ਹੈਰੋਇਨ: 848 ਗ੍ਰਾਮ
- ਭੁੱਕੀ: 12 ਕਿਲੋ
- ਨਸ਼ੀਲੀਆਂ ਗੋਲੀਆਂ/ਕੈਪਸੂਲ: 1308
- ਡਰੱਗ ਮਨੀ: 6,756 ਰੁਪਏ
ਇਸ ਕਾਰਵਾਈ ਨਾਲ ਪਿਛਲੇ 476 ਦਿਨਾਂ ਵਿੱਚ ਫੜੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 69,201 ਤੱਕ ਪਹੁੰਚ ਗਈ ਹੈ