ਪੰਜਾਬ ਨੂੰ ਸਟਾਰਟਅੱਪ ਤੇ ਨਿਵੇਸ਼ ਦਾ ਮੋਹਰੀ ਸੂਬਾ ਬਣਾਉਣ ਵੱਲ ਵੱਡਾ ਕਦਮ; ਮੋਹਾਲੀ ਵਿਖੇ ‘ਨਿਊਰੋਨ 2.0’ ਦਾ ਹੋਇਆ ਆਰੰਭ

ਪੰਜਾਬ ਨੂੰ ਦੇਸ਼ ਭਰ ਵਿੱਚ ਸਟਾਰਟਅੱਪ ਅਤੇ ਨਿਵੇਸ਼ ਦੇ ਖੇਤਰ ਵਿੱਚ ਇੱਕ ਮੋਹਰੀ ਸੂਬਾ ਬਣਾਉਣ ਦੇ ਉਦੇਸ਼ ਨਾਲ ਇੱਕ ਹੋਰ ਬੇਹੱਦ ਮਜ਼ਬੂਤ ਕਦਮ ਚੁੱਕਿਆ ਗਿਆ ਹੈ। ਅੱਜ ਨੈਨੋ ਸਾਇੰਸ ਐਂਡ ਟੈਕਨਾਲੋਜੀ ਇੰਸਟੀਚਿਊਟ, ਮੋਹਾਲੀ ਵਿਖੇ ‘ਪੰਜਾਬ ਇਨਵੈਸਟਰ ਸਰਕਲ – ਐਡੀਸ਼ਨ 1’ (Punjab Investor Circle – Edition 1) ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਸਮਾਗਮ ਵਿੱਚ ਉਦਯੋਗ ਜਗਤ ਦੇ ਨੁਮਾਇੰਦਿਆਂ, ਨਿਵੇਸ਼ਕਾਂ, ਸਟਾਰਟਅੱਪ ਸੰਸਥਾਪਕਾਂ ਅਤੇ ਨੌਜਵਾਨ ਉਦਮੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਅਤੇ ਸੂਬੇ ਵਿੱਚ ਨਿਵੇਸ਼ ਦੇ ਨਵੇਂ ਮੌਕਿਆਂ ਬਾਰੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ।

‘ਨਿਊਰੋਨ 2.0’ ਦਾ ਹੋਇਆ ਆਗਾਜ਼: ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ, ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੇ ਮਕਸਦ ਨਾਲ ‘ਨਿਊਰੋਨ 1.0’ (Neuron 1.0) ਦੀ ਵੱਡੀ ਸਫ਼ਲਤਾ ਤੋਂ ਬਾਅਦ, ਅੱਜ ਅਧਿਕਾਰਤ ਤੌਰ ‘ਤੇ ‘ਨਿਊਰੋਨ 2.0’ (Neuron 2.0) ਦਾ ਸ਼ੁੱਭ-ਆਰੰਭ ਕੀਤਾ ਗਿਆ ਹੈ। ਦੱਸ ਦੇਈਏ ਕਿ ‘ਨਿਊਰੋਨ 2.0’ ਮੁੱਖ ਤੌਰ ‘ਤੇ ਸਾਈਬਰ ਸੁਰੱਖਿਆ (Cyber Security) ‘ਤੇ ਆਧਾਰਿਤ ਹੈ, ਜੋ ਕਿ ਪੰਜਾਬ ਸਰਕਾਰ ਅਤੇ STPI (ਸਾਫਟਵੇਅਰ ਟੈਕਨਾਲੋਜੀ ਪਾਰਕਸ ਆਫ਼ ਇੰਡੀਆ) ਦੀ ਸਾਂਝੇਦਾਰੀ ਨਾਲ ਸ਼ੁਰੂ ਕੀਤਾ ਗਿਆ ਇੱਕ ਅਹਿਮ ਸਟਾਰਟਅੱਪ ਪ੍ਰੋਗਰਾਮ ਹੈ।

ਮਾਨ ਸਰਕਾਰ ਦੀ ਅਗਵਾਈ ਹੇਠ ਉਦਯੋਗ ਪੱਖੀ ਮਾਹੌਲ: ‘ਆਪ’ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਤੇ ਦੂਰਅੰਦੇਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਉਦਯੋਗ ਖੇਤਰ ਦੇ ਸਰਵਪੱਖੀ ਵਿਕਾਸ, ਵਪਾਰ ਨੂੰ ਸੁਖਾਲਾ ਬਣਾਉਣ (Ease of Doing Business) ਅਤੇ ਨਿਵੇਸ਼-ਅਨੁਕੂਲ ਮਾਹੌਲ ਸਿਰਜਣ ਲਈ ਨਿਰੰਤਰ ਯਤਨਸ਼ੀਲ ਹੈ। ਇਹਨਾਂ ਅਣਥੱਕ ਕੋਸ਼ਿਸ਼ਾਂ ਸਦਕਾ ਪੰਜਾਬ ਹੁਣ ਇੱਕ ਤਕਨਾਲੋਜੀ-ਅਧਾਰਿਤ ਅਤੇ ਸਟਾਰਟਅੱਪ-ਕੇਂਦਰਿਤ ਅਰਥਵਿਵਸਥਾ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ।

ਪੰਜਾਬ ਵਿੱਚ 2,500 ਤੋਂ ਵੱਧ ਮਾਨਤਾ ਪ੍ਰਾਪਤ ਸਟਾਰਟਅੱਪ: ਸੂਬੇ ਵਿੱਚ ਸਟਾਰਟਅੱਪਸ ਲਈ ਬਣੇ ਸਾਜ਼ਗਾਰ ਮਾਹੌਲ ਸਦਕਾ ਮੌਜੂਦਾ ਸਮੇਂ ਪੰਜਾਬ ਅੰਦਰ 2,500 ਤੋਂ ਵੱਧ DPIIT-ਮਾਨਤਾ ਪ੍ਰਾਪਤ ਸਟਾਰਟਅੱਪਸ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਰਹੇ ਹਨ ਅਤੇ ਸੂਬੇ ਦੇ ਆਰਥਿਕ ਵਿਕਾਸ ਨੂੰ ਇੱਕ ਨਵੀਂ ਤੇ ਹਾਂ-ਪੱਖੀ ਦਿਸ਼ਾ ਦੇ ਰਹੇ ਹਨ। ਅੱਜ ਦੇ ਇਸ ਸਮਾਗਮ ਨੇ ਨਿਵੇਸ਼ਕਾਂ ਅਤੇ ਨੌਜਵਾਨ ਉੱਦਮੀਆਂ ਨੂੰ ਇੱਕ ਅਜਿਹਾ ਸਾਂਝਾ ਮੰਚ ਪ੍ਰਦਾਨ ਕੀਤਾ ਹੈ, ਜੋ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਉਦਯੋਗਿਕ ਖੇਤਰ ਦੀ ਨੁਹਾਰ ਬਦਲਣ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ।