ਅਗਲੇ 24 ਘੰਟੇ ਰਹਿਣਗੇ ਖ਼ਤਰਨਾਕ: ਪੰਜਾਬ ਸਮੇਤ 8 ਰਾਜਾਂ ਵਿੱਚ ਤੂਫ਼ਾਨ ਤੇ ਬਿਜਲੀ ਦਾ ‘ਆਫ਼ਤ ਅਲਰਟ’ ਜਾਰੀ

ਚੰਡੀਗੜ੍ਹ : ਮੌਸਮ ਵਿਭਾਗ (IMD) ਵੱਲੋਂ ਜਾਰੀ ਤਾਜ਼ਾ ਭਵਿੱਖਬਾਣੀ ਅਨੁਸਾਰ, ਇੱਕ ਸ਼ਕਤੀਸ਼ਾਲੀ ਪੱਛਮੀ ਵਿਘਨ (Western Disturbance) ਸਰਗਰਮ ਹੋਣ ਕਾਰਨ ਅਗਲੇ 24 ਤੋਂ 48 ਘੰਟੇ ਪੰਜਾਬ ਅਤੇ ਇਸ ਦੇ ਗੁਆਂਢੀ ਸੂਬਿਆਂ ਲਈ ਬੇਹੇਦ ਚੁਣੌਤੀਪੂਰਨ ਹੋ ਸਕਦੇ ਹਨ। ਇਸ ਮੌਸਮੀ ਤਬਦੀਲੀ ਦਾ ਸਭ ਤੋਂ ਵੱਡਾ ਪ੍ਰਭਾਵ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਵਿੱਚ ਦੇਖਣ ਨੂੰ ਮਿਲੇਗਾ

ਕੀ ਰਹਿਣਗੇ ਹਾਲਾਤ?

  • ਮੀਂਹ ਅਤੇ ਤੇਜ਼ ਹਵਾਵਾਂ: ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਗਰਜ-ਚਮਕ ਦੇ ਨਾਲ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ। ਇਸ ਦੌਰਾਨ 30 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਸਰਦ ਹਵਾਵਾਂ ਚੱਲ ਸਕਦੀਆਂ ਹਨ।
  • ਪਹਾੜਾਂ ‘ਤੇ ਬਰਫ਼ਬਾਰੀ: ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਉੱਤਰਾਖੰਡ ਵਿੱਚ ਭਾਰੀ ਬਰਫ਼ਬਾਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪਹਾੜੀ ਇਲਾਕਿਆਂ ਵਿੱਚ ਹੋ ਰਹੀ ਇਸ ਬਰਫ਼ਬਾਰੀ ਦਾ ਸਿੱਧਾ ਅਸਰ ਮੈਦਾਨੀ ਇਲਾਕਿਆਂ ਵਿੱਚ ਵਧਦੀ ਠੰਢ ਦੇ ਰੂਪ ਵਿੱਚ ਦੇਖਣ ਨੂੰ ਮਿਲੇਗਾ।
  • ਤਾਪਮਾਨ ਵਿੱਚ ਗਿਰਾਵਟ: ਮਾਹਿਰਾਂ ਅਨੁਸਾਰ ਮੀਂਹ ਅਤੇ ਸਰਦ ਹਵਾਵਾਂ ਕਾਰਨ ਪਾਰੇ ਵਿੱਚ 2 ਤੋਂ 4 ਡਿਗਰੀ ਤੱਕ ਦੀ ਗਿਰਾਵਟ ਆ ਸਕਦੀ ਹੈ, ਜਿਸ ਨਾਲ ਰਾਤਾਂ ਹੋਰ ਵੀ ਠੰਢੀਆਂ ਹੋ ਜਾਣਗੀਆਂ।

ਆਵਾਜਾਈ ਅਤੇ ਜਨ-ਜੀਵਨ ‘ਤੇ ਅਸਰ

ਸੰਘਣੀ ਧੁੰਦ ਅਤੇ ਸੰਭਾਵਿਤ ਮੀਂਹ ਕਾਰਨ ਸੜਕੀ, ਰੇਲ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਣ ਦਾ ਖ਼ਤਰਾ ਹੈ। ਦਿੱਲੀ-NCR ਅਤੇ ਪੰਜਾਬ ਵਿੱਚ ਵਿਜ਼ੀਬਿਲਟੀ (ਧੁੰਦਲੇਪਨ) ਕਾਰਨ ਹਾਦਸਿਆਂ ਦਾ ਖ਼ਤਰਾ ਵਧ ਸਕਦਾ ਹੈ

ਕਿਸਾਨਾਂ ਲਈ ਜ਼ਰੂਰੀ ਚਿਤਾਵਨੀ
ਖੇਤੀਬਾੜੀ ਮਾਹਿਰਾਂ ਅਤੇ ਮੌਸਮ ਵਿਭਾਗ ਨੇ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। ਤੇਜ਼ ਹਵਾਵਾਂ ਅਤੇ ਕਈ ਥਾਵਾਂ ‘ਤੇ ਸੰਭਾਵਿਤ ਗੜੇਮਾਰੀ ਕਾਰਨ ਖੜ੍ਹੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਮੌਸਮ ਦੇ ਮੱਦੇਨਜ਼ਰ ਹੀ ਸਿੰਚਾਈ ਜਾਂ ਕੀਟਨਾਸ਼ਕਾਂ ਦਾ ਛਿੜਕਾਅ ਕਰਨ