ਚੰਡੀਗੜ੍ਹ : ਪੰਜਾਬ ਵਿੱਚ ਮੌਸਮ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਪਿਛਲੇ ਕੁੱਝ ਦਿਨਾਂ ਦੀ ਹਲਕੀ ਧੁੱਪ ਤੋਂ ਬਾਅਦ ਐਤਵਾਰ ਨੂੰ ਚੱਲੀਆਂ ਸੀਤ ਲਹਿਰਾਂ ਅਤੇ ਸੰਘਣੀ ਧੁੰਦ ਨੇ ਪੂਰੇ ਸੂਬੇ ਨੂੰ ਕੰਬਣੀ ਛੇੜ ਦਿੱਤੀ ਹੈ। ਮੌਸਮ ਵਿਭਾਗ ਨੇ ਅਗਲੇ ਸੱਤ ਦਿਨਾਂ ਤੱਕ ਠੰਢ ਤੋਂ ਕੋਈ ਰਾਹਤ ਨਾ ਮਿਲਣ ਦੀ ਭਵਿੱਖਬਾਣੀ ਕਰਦਿਆਂ ‘ਯੈਲੋ ਅਲਰਟ’ ਜਾਰੀ ਕਰ ਦਿੱਤਾ ਹੈ
ਠੰਢ ਅਤੇ ਲਾਪਰਵਾਹੀ ਕਾਰਨ ਵਾਪਰੇ ਦਰਦਨਾਕ ਹਾਦਸੇ
ਸੂਬੇ ਵਿੱਚ ਪੈ ਰਹੀ ਕੜਾਕੇ ਦੀ ਠੰਢ ਹੁਣ ਜਾਨਲੇਵਾ ਸਾਬਤ ਹੋ ਰਹੀ ਹੈ:
ਅਬੋਹਰ: ਇੱਥੇ ਇੱਕ ਨੌਜਵਾਨ ਲਵਪ੍ਰੀਤ ਦੀ ਕਥਿਤ ਤੌਰ ‘ਤੇ ਠੰਢ ਲੱਗਣ ਕਾਰਨ ਮੌਤ ਹੋ ਗਈ। ਉਹ ਮਾਲ ਉਤਾਰਨ ਲਈ ਅਬੋਹਰ ਆਇਆ ਸੀ ਅਤੇ ਸਵੇਰੇ ਕਮਰੇ ਵਿੱਚ ਮ੍ਰਿਤਕ ਪਾਇਆ ਗਿਆ
ਤਰਨਤਾਰਨ: ਇੱਥੇ ਇੱਕ ਬੇਹੱਦ ਦੁਖਦਾਈ ਘਟਨਾ ਵਾਪਰੀ, ਜਿੱਥੇ ਕਮਰੇ ਵਿੱਚ ਅੰਗੀਠੀ (ਅੱਗ) ਬਾਲ ਕੇ ਸੌਣ ਕਾਰਨ ਇੱਕੋ ਪਰਿਵਾਰ ਦੇ 3 ਮੈਂਬਰਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਅੱਗ ਵਿੱਚੋਂ ਨਿਕਲੀ ਜ਼ਹਿਰੀਲੀ ਗੈਸ (ਕਾਰਬਨ ਮੋਨੋਆਕਸਾਈਡ) ਕਾਰਨ ਇਹ ਹਾਦਸਾ ਵਾਪਰਿਆ
ਬਠਿੰਡਾ ‘ਚ ਪਾਰਾ 1.6 ਡਿਗਰੀ ‘ਤੇ ਪਹੁੰਚਿਆ
ਐਤਵਾਰ ਨੂੰ ਬਠਿੰਡਾ ਸੂਬੇ ਦਾ ਸਭ ਤੋਂ ਠੰਢਾ ਸ਼ਹਿਰ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 1.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ ਵੀ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 4.4 ਡਿਗਰੀ ਘੱਟ ਕੇ 14 ਡਿਗਰੀ ਸੈਲਸੀਅਸ ‘ਤੇ ਆ ਗਿਆ ਹੈ। ਸ਼ਨੀਵਾਰ ਦੀ ਰਾਤ ਇਸ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਠੰਢੀ ਰਾਤ ਦਰਜ ਕੀਤੀ ਗਈ ਹੈ
13 ਜਨਵਰੀ ਲਈ ਵਿਸ਼ੇਸ਼ ਚੇਤਾਵਨੀ
ਮੌਸਮ ਵਿਭਾਗ ਅਨੁਸਾਰ 13 ਜਨਵਰੀ ਨੂੰ ਪੰਜਾਬ ਦੇ ਹੇਠ ਲਿਖੇ ਜ਼ਿਲ੍ਹਿਆਂ ਵਿੱਚ ਅਤਿ ਦੀ ਸੰਘਣੀ ਧੁੰਦ ਛਾਈ ਰਹੇਗੀ:
ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਮੋਗਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫ਼ਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਮੋਹਾਲੀ ਅਤੇ ਮਲੇਰਕੋਟਲਾ।
ਸਿਹਤ ਵਿਭਾਗ ਵੱਲੋਂ ਅਡਵਾਈਜ਼ਰੀ ਜਾਰੀ
ਵਧਦੀ ਠੰਢ ਨੂੰ ਦੇਖਦਿਆਂ ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ: ਬੱਚੇ ਅਤੇ ਬਜ਼ੁਰਗ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਘਰੋਂ ਬਾਹਰ ਨਾ ਨਿਕਲਣ
ਅੰਗੀਠੀ ਤੋਂ ਸਾਵਧਾਨ: ਬੰਦ ਕਮਰੇ ਵਿੱਚ ਅੱਗ ਜਾਂ ਅੰਗੀਠੀ ਬਾਲ ਕੇ ਕਦੇ ਨਾ ਸੌਂਵੋ, ਇਹ ਜਾਨਲੇਵਾ ਹੋ ਸਕਦਾ ਹੈ। ਕਿਸੇ ਵੀ ਸਿਹਤ ਸਮੱਸਿਆ ਲਈ ਤੁਰੰਤ ਟੋਲ ਫ੍ਰੀ ਨੰਬਰ 104 ‘ਤੇ ਸੰਪਰਕ ਕਰੋ
