ਸੰਗਰੂਰ : ਸੰਗਰੂਰ ਦੀ ਰਹਿਣ ਵਾਲੀ ਅਮਨਪ੍ਰੀਤ ਕੌਰ ਦੀ ਕੈਨੇਡਾ ਦੇ ਟੋਰਾਂਟੋ ਵਿੱਚ ਹੱਤਿਆ ਕਰ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਕੈਨੇਡਾ ਪੁਲਿਸ ਨੇ 27 ਸਾਲਾ ਮਨਪ੍ਰੀਤ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ, ਸੰਗਰੂਰ ਨਿਵਾਸੀ 27 ਸਾਲਾ ਅਮਨਪ੍ਰੀਤ ਸੈਣੀ ਦੀ ਲਾਸ਼ ਓਂਟਾਰੀਓ ਦੇ ਪਾਰਕ ਵਿੱਚ ਮਿਲੀ। ਉਸ ਦੇ ਸ਼ਰੀਰ ‘ਤੇ ਚੋਟਾਂ ਦੇ ਨਿਸ਼ਾਨ ਪਾਏ ਗਏ।
ਅਮਨਪ੍ਰੀਤ ਦੇ ਪਿਤਾ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਧੀ 20 OCT ਤੋਂ ਲਾਪਤਾ ਸੀ। ਉਸ ਦਿਨ ਸਵੇਰੇ ਉਹ ਕੰਮ ਲਈ ਘਰੋਂ ਨਿਕਲੀ ਸੀ, ਪਰ ਇਸ ਤੋਂ ਬਾਅਦ ਉਸਦਾ ਫ਼ੋਨ ਬੰਦ ਆ ਰਿਹਾ ਸੀ। ਜਦੋਂ ਅਮਨਪ੍ਰੀਤ ਦੀ ਵੱਡੀ ਭੈਣ ਨਾਲ ਗੱਲਬਾਤ ਹੋਈ ਤਾਂ ਉਸਨੇ ਆਪਣੀ ਭੈਣ ਦੀ ਖੋਜ ਸ਼ੁਰੂ ਕੀਤੀ। ਕਾਫੀ ਖੋਜਬੀਨ ਤੋਂ ਬਾਅਦ ਵੀ ਕੁਝ ਪਤਾ ਨਾ ਲੱਗਣ ‘ਤੇ ਭੈਣ ਨੇ ਕੈਨੇਡਾ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ।
ਜਾਂਚ ਦੌਰਾਨ ਪੁਲਿਸ ਨੇ ਨਾਇਅਗਰਾ ਫਾਲਜ਼ ਦੇ ਨੇੜੇ ਅਮਨਪ੍ਰੀਤ ਦੀ ਲਾਸ਼ ਬਰਾਮਦ ਕੀਤੀ। ਲਾਸ਼ ਦੀ ਪਛਾਣ ਲਈ ਅਮਨਪ੍ਰੀਤ ਦੀ ਭੈਣ ਨੂੰ ਬੁਲਾਇਆ ਗਿਆ। ਪਛਾਣ ਹੋਣ ਤੋਂ ਬਾਅਦ ਭੈਣ ਨੇ ਪਰਿਵਾਰ ਨੂੰ ਇਸ ਦੁਖਦ ਘਟਨਾ ਦੀ ਸੂਚਨਾ ਦਿੱਤੀ। ਇਹ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਗਹਿਰੇ ਸਦਮੇ ਵਿੱਚ ਹੈ ਅਤੇ ਰੋ-ਰੋ ਕੇ ਬੁਰਾ ਹਾਲ ਹੈ।
ਇੰਦਰਜੀਤ ਸਿੰਘ ਨੇ ਦੱਸਿਆ ਕਿ ਅਮਨਪ੍ਰੀਤ ਚਾਰ ਸਾਲ ਪਹਿਲਾਂ ਕੈਨੇਡਾ ਗਈ ਸੀ ਅਤੇ ਉੱਥੇ ਮੈਡੀਕਲ ਦਾ ਕੋਰਸ ਕਰ ਰਹੀ ਸੀ। ਉਸ ਦੇ ਚਾਚਾ ਅਮਰਜੀਤ ਸਿੰਘ ਨੇ ਕਿਹਾ ਕਿ ਅਮਨਪ੍ਰੀਤ ਬਹੁਤ ਹੀ ਨਿਮਰ ਸੁਭਾਵ ਦੀ ਕੁੜੀ ਸੀ ਅਤੇ ਸਿਰਫ਼ ਆਪਣੇ ਕੰਮ ਨਾਲ ਹੀ ਮਤਲਬ ਰੱਖਦੀ ਸੀ। ਉਹਨਾਂ ਕਿਹਾ ਕਿ ਸਮਝ ਨਹੀਂ ਆਉਂਦੀ ਕਿ ਆਖ਼ਰ ਐਸਾ ਕੀ ਹੋਇਆ ਜੋ ਉਸਦੀ ਭਤੀਜੀ ਨਾਲ ਇਹ ਦਰਦਨਾਕ ਘਟਨਾ ਵਾਪਰੀ।
ਪਰਿਵਾਰ ਨੇ ਮਨਪ੍ਰੀਤ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਸਰਕਾਰ ਕੋਲ ਅਰਜ਼ੀ ਕੀਤੀ ਹੈ ਕਿ ਅਮਨਪ੍ਰੀਤ ਦੀ ਲਾਸ਼ ਨੂੰ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਪਰਿਵਾਰ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕੇ।
ਕੈਨੇਡਾ ਪੁਲਿਸ ਦੇ ਅਨੁਸਾਰ, ਕਤਲ ਦਾ ਦੋਸ਼ੀ ਮਨਪ੍ਰੀਤ ਸਿੰਘ ਨੂੰ “ਮੋਸਟ ਵਾਂਟੇਡ” ਘੋਸ਼ਿਤ ਕੀਤਾ ਗਿਆ ਹੈ। ਪੁਲਿਸ ਉਸਦੀ ਤਲਾਸ਼ ਕਰ ਰਹੀ ਹੈ ਅਤੇ ਉਸਦੇ ਖ਼ਿਲਾਫ਼ ਸੈਕੰਡ ਡਿਗਰੀ ਮਰਡਰ ਦਾ ਵਾਰੰਟ ਜਾਰੀ ਕੀਤਾ ਗਿਆ ਹੈ


ACCUSED MANPREET SINGH FILE PHOTO