ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲੋਹਾਰ ‘ਚ ਦੋ ਪਰਿਵਾਰਾਂ ‘ਚ ਖੂਨੀ ਝੜਪ ਹੋ ਜਾਣ ਦੀ ਖਬਰ ਮਿਲੀ ਹੈ। ਇਸ ਦੌਰਾਨ 3 ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਹਮਲੇ ਦੌਰਾਨ ਇੱਕ ਲੜਕੀ ਜਖਮੀ ਹੋ ਗਈ ਅਤੇ ਝੜਪ ਨੂੰ ਦੇਖ ਰਿਹਾ ਇੱਕ ਰਾਹਗੀਰ ਵੀ ਜਖਮੀ ਹੋਇਆ। ਇਸ ਵਿੱਚ ਜਾਣਕਾਰੀ ਮਿਲੀ ਹੈ ਕਿ ਲੜਕਾ ਪਿਛਲੇ 1 ਸਾਲ ਤੋਂ ਨਾਬਾਲਗ ਲੜਕੀ ਨਾਲ ਸਬੰਧਾਂ ਵਿੱਚ ਸੀ ਅਤੇ ਦੋਵਾਂ ਪਰਿਵਾਰਾਂ ਵੱਲੋਂ ਕਾਨੂੰਨ ਦੇ ਅੱਗੇ ਇਨਸਾਫ ਦੀ ਮੰਗ ਵੀ ਕੀਤੀ ਗਈ ਸੀ। ਇਹ ਹਾਦਸਾ ਉਦੋ ਵਾਪਰਿਆ ਜਦੋਂ ਨਾਬਾਲਗ ਲੜਕੀ ਆਪਣੇ ਪਿਤਾ ਨਾਲ ਗਲੀ ‘ਚੋਂ ਲੰਘ ਰਹੀ ਸੀ ਅਤੇ ਉਸ ‘ਤੇ ਨਜ਼ਦੀਕੀ ਗਲੀ ‘ਚ ਰਹਿੰਦੇ ਪਰਿਵਾਰ ਨੇ ਹਮਲਾ ਕਰ ਦਿੱਤਾ।
ਇਸ ਝੜਪ ਦੌਰਾਨ ਨਾਬਾਲਗ ਲੜਕੀ ਦੇ ਸਿਰ ‘ਤੇ ਸੱਟ ਲੱਗ ਗਈ ਅਤੇ ਝੜਪ ਨੂੰ ਦੇਖਣ ਲਈ ਖੜ੍ਹਾ ਰਾਹਗੀਰ ਵੀ ਜ਼ਖਮੀ ਹੋ ਗਿਆ। ਲੜਕੀ ਨੇ ਦੱਸਿਆ ਕਿ ਉਹ ਲੜਕੇ ਦੀਪਕ ਨੂੰ ਪਿਛਲੇ ਇੱਕ ਸਾਲ ਤੋਂ ਜਾਣਦੀ ਸੀ ਅਤੇ ਲੜਕਾ ਉਸ ਨੂੰ ਵਾਰ-ਵਾਰ ਸਰੀਰਕ ਸਬੰਧ ਬਣਾਉਣ ਲਈ ਕਹਿੰਦਾ ਸੀ ਅਤੇ ਉਹ ਉਸ ਨੂੰ ਉਕਸਾਉਂਦਾ ਰਹਿੰਦਾ ਸੀ, ਜਿਸ ਕਾਰਨ ਉਹ ਉਸ ਨੂੰ ਮਨਾ ਕਰ ਦਿੰਦੀ ਸੀ ਅਤੇ ਉਸਦੇ ਨਾਲ ਗੱਲ ਨਹੀਂ ਕਰ ਰਹੀ ਸੀ। ਅਜਿਹੇ ‘ਚ ਅਚਾਨਕ ਦੀਪਕ ਦੇ ਪਰਿਵਾਰ ਵਾਲਿਆਂ ਵੱਲੋਂ ਉਸ ‘ਤੇ ਹਮਲਾ ਕਰ ਦਿੱਤਾ ਗਿਆ।
ਦੂਜੇ ਪਾਸੇ ਦੀਪਕ ਦਾ ਕਹਿਣਾ ਹੈ ਕਿ ਉਸਦੀ ਮਾਂ ਅਕਸਰ ਦੀਪਕ ਨੂੰ ਨਾਬਾਲਗ ਲੜਕੀ ਨਾਲ ਮਿਲਣ ਤੋਂ ਰੋਕਦੀ ਸੀ, ਫਿਰ ਵੀ ਉਹ ਉਸ ਨੂੰ ਮਿਲਦਾ ਸੀ, ਅਤੇ ਜਦੋਂ ਉਹ ਇਸ ਲੜਕੀ ਨਾਲ ਜਾ ਰਿਹਾ ਸੀ ਤਾਂ ਉਸ ਦੀ ਮਾਂ ਨੇ ਉਸ ਨੂੰ ਝਿੜਕਣਾ ਸ਼ੁਰੂ ਕਰ ਦਿੱਤਾ ਅਤੇ ਥੱਪੜ ਵੀ ਮਾਰਿਆ। ਇਸ ਦੌਰਾਨ ਉਸਦੀ ਮਾਂ ਨੇ ਨਾਬਾਲਗ ਲੜਕੀ ਨੂੰ ਵੀ ਥੱਪੜ ਮਾਰ ਦਿੱਤਾ ਜਿਸਤੋਂ ਬਾਅਦ ਲੜਕੀ ਦੇ ਮਾਤਾ-ਪਿਤਾ ਉਨ੍ਹਾਂ ਦੇ ਘਰ ਆਏ ਅਤੇ ਇਸ ਦੌਰਾਨ ਉਨ੍ਹਾਂ ਨੇ ਦੀਪਕ ਦੇ ਪਰਿਵਾਰ ‘ਤੇ ਹਮਲਾ ਕਰ ਦਿੱਤਾ। ਫਿਲਹਾਲ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹਨਾਂ ਦੋਨਾਂ ਪਰਿਵਾਰਾਂ ਵਿੱਚ ਕੌਣ ਸਹੀ ਹੈ ਅਤੇ ਕੌਣ ਗਲਤ ਹੈ।