ਗੁਰਦਾਸਪੁਰ : ਪੰਜਾਬ ਦੇ ਸਾਬਕਾ ਡਿਪਟੀ CM ਅਤੇ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ MP ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ X ਹੈਂਡਲ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਉਨ੍ਹਾਂ ਦੇ ਪੁੱਤਰ ਉਦਯਵੀਰ ਸਿੰਘ ਰੰਧਾਵਾ ਨੂੰ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਉਨ੍ਹਾਂ ਲਿਖਿਆ ਕਿ ਕੱਲ੍ਹ ਉਨ੍ਹਾਂ ਦੇ ਇਕ ਸਾਥੀ ਨੇ ਉਨ੍ਹਾਂ ਦੇ ਪੁੱਤਰ ਨਾਲ ਮੁਲਾਕਾਤ ਕੀਤੀ ਤੇ ਜਾਣ ਤੋਂ ਇੱਕ ਘੰਟੇ ਦੇ ਅੰਦਰ ਹੀ ਉਸ ‘ਤੇ ਗੋਲੀ ਚਲਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਹ ਸੰਸਦ ਸੈਸ਼ਨ ਲਈ ਦਿੱਲੀ ਵਿੱਚ ਹਨ, ਕੋਈ ਵੀ ਗੈਂਗਸਟਰ ਉਨ੍ਹਾਂ ਨੂੰ ਹਿੱਲਾ ਨਹੀਂ ਸਕਦਾ।
ਆਪਣੀ X ਪੋਸਟ ਵਿੱਚ ਉਨ੍ਹਾਂ ਲਿਖਿਆ ਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਨੂੰ ਗੈਂਗਸਟਰਾਂ ਦਾ ਸਵਰਗ ਬਣਾ ਦਿੱਤਾ ਹੈ ਜਿੱਥੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਗਈ ਹੈ

ਜਾਣਕਾਰੀ ਅਨੁਸਾਰ, ਫਤਿਹਗੜ੍ਹ ਚੂੜੀਆਂ ਦੇ ਪਿੰਡ ਰੰਸੀਕੇ ਕਲਾਂ ਦੇ ਨਿਵਾਸੀ ਪਰਮਿੰਦਰ ਸਿੰਘ ਦੀ ਦੁਕਾਨ “ਸਰਦਾਰ ਪਗੜੀ ਹਾਉਸ” ‘ਤੇ ਕੱਲ੍ਹ ਦਿਨ ਦਿਹਾੜੇ ਲਗਭਗ 11 ਵਜੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀ ਚਲਾਈ। ਗੋਲੀ ਬਾਹਰੀ ਕੱਚ ਨੂੰ ਲੱਗੀ ਜਿਸ ਕਾਰਨ ਕੱਚ ਟੁੱਟ ਗਿਆ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਡੀਐਸਪੀ ਵਿਪਿਨ ਕੁਮਾਰ ਅਤੇ ਫਤਿਹਗੜ੍ਹ ਚੂੜੀਆਂ ਦੇ ਐਸਐਚਓ ਪ੍ਰਭਜੋਤ ਸਿੰਘ ਮੌਕੇ ‘ਤੇ ਪਹੁੰਚੇ ਅਤੇ ਦੁਕਾਨ ਮਾਲਕ ਪਰਮਿੰਦਰ ਸਿੰਘ ਤੋਂ ਜਾਣਕਾਰੀ ਲਏ। ਜਾਣਕਾਰੀ ਅਨੁਸਾਰ, ਇਸ ਘਟਨਾ ਤੋਂ ਬਾਅਦ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਉਦਯਵੀਰ ਸਿੰਘ ਰੰਧਾਵਾ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ

