
ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਵਿੱਚ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਦੀ ਵਰਦੀ ਵਿੱਚ ਮਹੱਤਵਪੂਰਨ ਬਦਲਾਅ ਕੀਤਾ ਗਿਆ ਹੈ। ਇਸ ਫੈਸਲੇ ਦਾ ਮਕਸਦ ਪਰੰਪਰਾ, ਅਨੁਸ਼ਾਸਨ ਅਤੇ ਸੇਵਾ ਦੇ ਮਾਣ ਨੂੰ ਹੋਰ ਮਜ਼ਬੂਤ ਕਰਨਾ ਹੈ।
ਨਵੀਂ ਵਿਵਸਥਾ ਅਨੁਸਾਰ ਹੁਣ ਸੇਵਾਦਾਰ ਦੋ ਰੰਗਾਂ ਦੀ ਵਰਦੀ ਪਹਿਨਣਗੇ — ਪੀਲਾ ਅਤੇ ਗੂੜ੍ਹਾ ਨੀਲਾ। ਇਸ ਦੇ ਨਾਲ ਹੀ ਮੋਢਿਆਂ ‘ਤੇ ਖੰਡੇ ਦੀ ਨੱਕਾਸ਼ੀ ਅਤੇ ਚਿੱਟੇ ਰੰਗ ਦਾ ਹਜੂਰੀਆ ਗੱਲ ਵਿੱਚ ਪਾਇਆ ਕਰਨਗੇ।, ਜੋ ਸੇਵਾ ਅਤੇ ਸਤਿਕਾਰ ਦੀ ਨਿਸ਼ਾਨੀ ਮੰਨੀ ਜਾਂਦੀ ਹੈ।
ਸੇਵਾਦਾਰਾਂ ਦੀ ਵਰਦੀ ਪਹਿਲਾਂ ਵੀ ਕਈ ਵਾਰ ਬਦਲੀ ਜਾ ਚੁੱਕੀ ਹੈ।
1960–70 ਤੱਕ ਵਰਦੀ ਪੂਰੀ ਤਰ੍ਹਾਂ ਰਵਾਇਤੀ ਰੂਪ ਵਿੱਚ ਸੀ
1990 ਵਿੱਚ ਨੀਲੀ ਮਿਆਰੀ ਵਰਦੀ ਅਤੇ ਪਛਾਣ ਚਿੰਨ੍ਹ ਜੋੜੇ ਗਏ
2000 ਵਿੱਚ ਛਾਤੀ/ਮੋਢਿਆਂ ‘ਤੇ ਪਛਾਣ ਅਤੇ “ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ” ਲਿਖਣਾ ਸ਼ੁਰੂ ਹੋਇਆ
2015 ਤੋਂ ਵਰਦੀ ਮੁੱਖ ਤੌਰ ‘ਤੇ ਨੀਲੀ ਰਹੀ
ਹੁਣ ਤਾਜ਼ਾ ਬਦਲਾਅ ਤਹਿਤ ਰੰਗਾਂ ਦੀ ਨਵੀਂ ਜੋੜੀ ਲਾਗੂ ਕੀਤੀ ਗਈ ਹੈ। ਇਸ ਬਦਲਾਅ ਦਾ ਐਲਾਨ ਤਿੰਨ ਦਿਨ ਪਹਿਲਾਂ ਕੀਤਾ ਗਿਆ ਸੀ ਅਤੇ 5 ਫਰਵਰੀ ਤੋਂ ਇਹ ਅਧਿਕਾਰਤ ਤੌਰ ‘ਤੇ ਲਾਗੂ ਹੋ ਗਿਆ। ਇਹ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਆ ਗਿਆ ਹੈ।
ਇਕਸਾਰਤਾ ਬਣਾਈ ਰੱਖਣ ਲਈ ਸੇਵਾਦਾਰ ਹਫ਼ਤੇ ਵਿੱਚ ਬਦਲਵੇਂ ਦਿਨਾਂ ‘ਤੇ ਇਹ ਵਰਦੀਆਂ ਪਹਿਨਣਗੇ। ਖਾਸ ਗੱਲ ਇਹ ਹੈ ਕਿ ਪੀਲੀ ਵਰਦੀ ਨਾਲ ਨੀਲੀ ਪੱਗ ਅਤੇ ਨੀਲੀ ਵਰਦੀ ਨਾਲ ਪੀਲੀ ਪੱਗ ਲਾਜ਼ਮੀ ਹੋਵੇਗੀ।
ਨਵੀਆਂ ਵਰਦੀਆਂ ਜ਼ਿਆਦਾਤਰ ਸੇਵਾਦਾਰਾਂ ਨੂੰ ਜਾਰੀ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਬਾਕੀਆਂ ਨੂੰ ਜਲਦ ਪ੍ਰਦਾਨ ਕੀਤੀਆਂ ਜਾਣਗੀਆਂ। ਇਹ ਬਦਲਾਅ ਦਰਬਾਰ ਸਾਹਿਬ ਦੀ ਸੇਵਾ ਵਿੱਚ ਨਵੀਂ ਪਹਿਚਾਣ ਅਤੇ ਅਨੁਸ਼ਾਸਨ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ।
