ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਇਸ ਤਰੀਕ ਤੋਂ ਹੋਵੇਗੀ ਸ਼ੁਰੂ, ਪੜੋ ਪੂਰੀ ਖ਼ਬਰ

ਉਤਰਾਖੰਡ: ਵਿਸ਼ਵ ਦੇ ਸਭ ਤੋਂ ਉੱਚੇ ਸਿੱਖ ਤੀਰਥ ਅਸਥਾਨ, ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਇਸ ਸਾਲ 23 ਮਈ 2026 ਨੂੰ ਸੰਗਤਾਂ ਲਈ ਖੋਲ੍ਹ ਦਿੱਤੇ ਜਾਣਗੇ। ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਇਸ ਪਵਿੱਤਰ ਅਸਥਾਨ ਦੀ ਯਾਤਰਾ ਸਬੰਧੀ ਮਹੱਤਵਪੂਰਨ ਫੈਸਲਾ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਅਤੇ ਰਾਜ ਸਰਕਾਰ ਦੀ ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ ਹੈ

ਮੌਸਮ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ

ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਉਤਰਾਖੰਡ ਦੇ ਮੁੱਖ ਸਕੱਤਰ ਆਨੰਦ ਵਰਧਨ ਨਾਲ ਮੁਲਾਕਾਤ ਕੀਤੀ। ਇਸ ਸਾਲ ਪਿਛਲੇ ਸਾਲਾਂ ਦੇ ਮੁਕਾਬਲੇ ਪਹਾੜਾਂ ਵਿੱਚ ਬਰਫ਼ਬਾਰੀ ਘੱਟ ਹੋਈ ਹੈ, ਜਿਸ ਕਾਰਨ ਟਰੱਸਟ ਨੇ ਯਾਤਰਾ ਨੂੰ ਆਮ ਦਿਨਾਂ ਨਾਲੋਂ ਕੁਝ ਪਹਿਲਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਸਕੱਤਰ ਨੇ ਭਰੋਸਾ ਦਿੱਤਾ ਕਿ ਸਰਕਾਰ ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤਾਂ ਲਈ ਹਰ ਸੰਭਵ ਸਹਿਯੋਗ ਦੇਵੇਗੀ

ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ
ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਸੰਗਤਾਂ ਦੀ ਸਹੂਲਤ ਲਈ ਹੇਠ ਲਿਖੇ ਸਥਾਨਾਂ ‘ਤੇ ਰਿਹਾਇਸ਼ ਅਤੇ ਲੰਗਰ ਦੇ ਮੁਫ਼ਤ ਪ੍ਰਬੰਧ ਕੀਤੇ ਗਏ ਹਨ:

ਰਿਸ਼ੀਕੇਸ਼ ਅਤੇ ਹਰਿਦੁਆਰ

ਸ੍ਰੀਨਗਰ ਅਤੇ ਰਤੂੜਾ

ਜੋਸ਼ੀਮਠ, ਗੋਬਿੰਦਘਾਟ ਅਤੇ ਘਾਂਘਰੀਆ

ਸਮੁੰਦਰ ਤਲ ਤੋਂ 15,000 ਫੁੱਟ ਦੀ ਉਚਾਈ ਅਤੇ ਆਕਸੀਜਨ ਦੀ ਕਮੀ ਕਾਰਨ ਸ਼ਰਧਾਲੂਆਂ ਨੂੰ ਰਾਤ ਸਮੇਂ ਦਰਬਾਰ ਸਾਹਿਬ (ਹੇਮਕੁੰਟ ਸਾਹਿਬ) ਵਿਖੇ ਰੁਕਣ ਦੀ ਇਜਾਜ਼ਤ ਨਹੀਂ ਹੋਵੇਗੀ। ਸ਼ਰਧਾਲੂਆਂ ਨੂੰ ਦਰਸ਼ਨਾਂ ਤੋਂ ਬਾਅਦ ਵਾਪਸ ਘਾਂਘਰੀਆ ਆਉਣਾ ਪਵੇਗਾ

ਧਾਰਮਿਕ ਮਹੱਤਤਾ
ਸ੍ਰੀ ਹੇਮਕੁੰਟ ਸਾਹਿਬ ਉਹ ਪਵਿੱਤਰ ਅਸਥਾਨ ਹੈ ਜਿੱਥੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿਛਲੇ ਜਨਮ ਵਿੱਚ ਤਪੱਸਿਆ ਕੀਤੀ ਸੀ। ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਦੇਸ਼-ਵਿਦੇਸ਼ ਤੋਂ ਸੰਗਤਾਂ ਇੱਥੇ ਨਤਮਸਤਕ ਹੋਣ ਪਹੁੰਚਦੀਆਂ ਹਨ। ਇਸ ਸਾਲ ਅਪ੍ਰੈਲ ਵਿੱਚ ਚਾਰਧਾਮ ਯਾਤਰਾ ਵੀ ਸ਼ੁਰੂ ਹੋ ਰਹੀ ਹੈ, ਜਿਸ ਕਾਰਨ ਸ਼ਰਧਾਲੂਆਂ ਦੀ ਭਾਰੀ ਆਮਦ ਦੀ ਉਮੀਦ ਹੈ