ਨਵੀਂ ਦਿੱਲੀ : ਭਾਰਤੀ ਕਪਤਾਨ ਸ਼ੁਭਮਨ ਗਿੱਲ ਇਸ ਵੇਲੇ ਟੈਸਟ ਕ੍ਰਿਕਟ ਵਿੱਚ ਸ਼ਾਨਦਾਰ ਫਾਰਮ ਵਿੱਚ ਹੈ। ਵੈਸਟਇੰਡੀਜ਼ ਖ਼ਿਲਾਫ਼ ਦਿੱਲੀ ਵਿੱਚ ਖੇਡੇ ਜਾ ਰਹੀ ਟੈਸਟ ਮੈਚ ਦੀ ਦੂਜੀ ਟੈਸਟ ਦੌਰਾਨ ਗਿੱਲ ਨੇ ਸ਼ਾਨਦਾਰ ਸੈਂਕੜਾ ਜੜਿਆ। ਭਾਰਤ ਦੀ ਪਹਿਲੀ ਪਾਰੀ ਦੇ 130ਵੇਂ ਓਵਰ ਵਿੱਚ ਖੈਰੀ ਪੀਅਰੇ ਦੀ ਪੰਜਵੀਂ ਗੇਂਦ ‘ਤੇ ਤਿੰਨ ਦੌੜਾਂ ਲੈ ਕੇ ਉਸਨੇ ਆਪਣਾ 10ਵਾਂ ਟੈਸਟ ਸੈਂਕੜਾ ਪੂਰਾ ਕੀਤਾ।
ਸ਼ੁਭਮਨ ਨੇ ਇਹ ਕਾਰਨਾਮਾ 176 ਗੇਂਦਾਂ ‘ਤੇ 13 ਚੌਕੇ ਅਤੇ 1 ਛੱਕਾ ਲਗਾ ਕੇ ਹਾਸਲ ਕੀਤਾ। ਇਹ ਉਨ੍ਹਾਂ ਦਾ ਕਪਤਾਨ ਵਜੋਂ 12 ਪਾਰੀਆਂ ਵਿੱਚ ਪੰਜਵਾਂ ਟੈਸਟ ਸੈਂਕੜਾ ਹੈ। ਇਸ ਤੋਂ ਪਹਿਲਾਂ ਸਿਰਫ਼ ਐਲਿਸਟੇਅਰ ਕੁੱਕ (9 ਪਾਰੀਆਂ) ਅਤੇ ਸੁਨੀਲ ਗਾਵਸਕਰ (10 ਪਾਰੀਆਂ) ਨੇ ਹੀ ਘੱਟ ਇਨਿੰਗਜ਼ ਵਿੱਚ ਇੰਨੇ ਸੈਂਕੜੇ ਬਣਾਏ ਸਨ।
ਸ਼ੁਭਮਨ ਨੇ ਇਸ ਸਾਲ ਹੀ ਆਪਣੇ ਸਾਰੇ ਪੰਜ ਟੈਸਟ ਸੈਂਕੜੇ ਜੜੇ ਹਨ। ਉਹ ਇੱਕ ਕੈਲੰਡਰ ਸਾਲ ਵਿੱਚ ਕਪਤਾਨ ਵਜੋਂ ਪੰਜ ਟੈਸਟ ਸੈਂਕੜੇ ਬਣਾਉਣ ਵਾਲਾ ਦੂਜਾ ਭਾਰਤੀ ਬਣ ਗਿਆ ਹੈ, ਇਸ ਤੋਂ ਪਹਿਲਾਂ ਇਹ ਉਪਲਬਧੀ ਕੇਵਲ ਵਿਰਾਟ ਕੋਹਲੀ ਨੂੰ ਮਿਲੀ ਸੀ, ਉਹ ਵੀ ਦੋ ਵਾਰ |
ਇਸ ਪ੍ਰਦਰਸ਼ਨ ਨਾਲ ਸ਼ੁਭਮਨ ਗਿੱਲ ਹੁਣ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਵਿੱਚ ਸਭ ਤੋਂ ਵੱਧ ਸੈਂਕੜੇ ਜੜਨ ਵਾਲਾ ਭਾਰਤੀ ਖਿਡਾਰੀ ਬਣ ਗਿਆ ਹੈ। ਉਸਨੇ ਰੋਹਿਤ ਸ਼ਰਮਾ ਨੂੰ ਪਿੱਛੇ ਛੱਡਿਆ ਹੈ, ਜਿਸਦੇ ਨਾਂ WTC ਵਿੱਚ ਨੌਂ ਸੈਂਕੜੇ ਦਰਜ ਸਨ। ਗਿੱਲ ਨੇ ਹੁਣ ਤੱਕ 71 ਪਾਰੀਆਂ ਵਿੱਚ 43.47 ਦੀ ਔਸਤ ਨਾਲ ਕੁੱਲ 2,826 ਦੌੜਾਂ ਬਣਾਈਆਂ ਹਨ, ਜਿਸ ਵਿੱਚ 10 ਸੈਂਕੜੇ ਸ਼ਾਮਲ ਹਨ। ਇਸ ਨਾਲ ਉਹ WTC ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਭਾਰਤੀ ਬੱਲੇਬਾਜ਼ ਵੀ ਬਣ ਗਿਆ ਹੈ


