ਮੈਡਰਿਡ: ਸਪੇਨ ਵਿੱਚ ਦੋ ਹਾਈ-ਸਪੀਡ ਟ੍ਰੇਨਾਂ ਦੀ ਭਿਆਨਕ ਟੱਕਰ ਨੇ ਵੱਡਾ ਹਾਦਸਾ ਵਾਪਰ ਗਿਆ, ਜਿਸ ਵਿੱਚ 68 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਇਹ ਹਾਦਸਾ ਸਪੇਨ ਦੇ ਤੋਲੇਦੋ ਸੂਬੇ ਦੇ ਉਰਦਾ ਨੇੜੇ ਵਾਪਰਿਆ। ਹਾਦਸੇ ਦੀ ਗੰਭੀਰਤਾ ਨੂੰ ਦੇਖਦਿਆਂ ਭਾਰਤੀ ਦੂਤਾਵਾਸ, ਮੈਡਰਿਡ ਵੱਲੋਂ ਪ੍ਰਭਾਵਿਤ ਟ੍ਰੇਨਾਂ ਵਿੱਚ ਸਫ਼ਰ ਕਰ ਰਹੇ ਭਾਰਤੀ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਲਈ ਐਮਰਜੈਂਸੀ ਸੰਪਰਕ ਨੰਬਰ ਜਾਰੀ ਕੀਤੇ ਗਏ ਹਨ।
ਦੂਤਾਵਾਸ ਨੇ ਅਪੀਲ ਕੀਤੀ ਹੈ ਕਿ ਜੇਕਰ ਕੋਈ ਭਾਰਤੀ ਨਾਗਰਿਕ ਇਨ੍ਹਾਂ ਟ੍ਰੇਨਾਂ ਵਿੱਚ ਸਫ਼ਰ ਕਰ ਰਿਹਾ ਸੀ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕਿਸੇ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੈ, ਤਾਂ ਉਹ ਤੁਰੰਤ ਭਾਰਤੀ ਮਿਸ਼ਨ ਨਾਲ ਸੰਪਰਕ ਕਰਨ। ਇਸ ਦੇ ਨਾਲ ਹੀ ਲੋਕਾਂ ਨੂੰ ਇਹ ਜਾਣਕਾਰੀ ਲੋੜਵੰਦਾਂ ਤੱਕ ਪਹੁੰਚਾਉਣ ਦੀ ਅਪੀਲ ਵੀ ਕੀਤੀ ਗਈ ਹੈ।
ਭਾਰਤੀ ਦੂਤਾਵਾਸ ਵੱਲੋਂ ਐਮਰਜੈਂਸੀ ਨੰਬਰ ਜਾਰੀ
ਹਾਦਸੇ ਤੋਂ ਬਾਅਦ ਭਾਰਤੀ ਨਾਗਰਿਕਾਂ ਦੀ ਸਹਾਇਤਾ ਲਈ ਹੇਠ ਲਿਖੇ ਸੰਪਰਕ ਵੇਰਵੇ ਜਾਰੀ ਕੀਤੇ ਗਏ ਹਨ:
ਭਾਰਤੀ ਦੂਤਾਵਾਸ ਹੈਲਪਲਾਈਨ: +34 650 339 008
ਈਮੇਲ: cons.madrid@mea.gov.in
Renfe ਰੇਲਵੇ ਹੈਲਪਲਾਈਨ: 900 10 10 20
Iryo ਰੇਲਵੇ ਹੈਲਪਲਾਈਨ: 900 001 403
ਕਿਵੇਂ ਵਾਪਰਿਆ ਹਾਦਸਾ?
ਮਿਲੀ ਜਾਣਕਾਰੀ ਅਨੁਸਾਰ, ਇਹ ਹਾਦਸਾ ਬੁੱਧਵਾਰ ਸਵੇਰੇ ਕਰੀਬ 8:54 ਵਜੇ ਮੈਡਰਿਡ ਅਤੇ ਸੇਵਿਲਾ ਵਿਚਕਾਰ ਚੱਲਣ ਵਾਲੀ ਹਾਈ-ਸਪੀਡ ਰੇਲ ਲਾਈਨ ‘ਤੇ ਵਾਪਰਿਆ। ਹਾਦਸੇ ਵਿੱਚ ਸਪੇਨ ਦੀ ਸਰਕਾਰੀ ਰੇਲਵੇ ਕੰਪਨੀ Renfe ਅਤੇ ਨਿੱਜੀ ਕੰਪਨੀ Iryo ਦੀਆਂ ਟ੍ਰੇਨਾਂ ਸ਼ਾਮਲ ਸਨ।
ਸਪੇਨ ਦੇ ਟਰਾਂਸਪੋਰਟ ਮੰਤਰੀ ਓਸਕਾਰ ਪੁਏਂਤੇ ਮੁਤਾਬਕ, Iryo ਦੀ ਟ੍ਰੇਨ ਰੁਕੀ ਹੋਈ ਸੀ, ਜਿਸ ਤੋਂ ਬਾਅਦ ਰੇਲਵੇ ਕੰਟਰੋਲ ਸੈਂਟਰ ਵੱਲੋਂ Renfe ਦੀ ਟ੍ਰੇਨ ਨੂੰ ਮੁੜ ਚੱਲਣ ਦੇ ਨਿਰਦੇਸ਼ ਦਿੱਤੇ ਗਏ। ਦੱਸਿਆ ਗਿਆ ਹੈ ਕਿ Renfe ਦੀ ਟ੍ਰੇਨ ਲਗਭਗ 25 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਕਰੀਬ 17 ਮਿੰਟ ਬਾਅਦ ਦੂਜੀ ਟ੍ਰੇਨ ਨਾਲ ਟਕਰਾ ਗਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਕਈ ਡੱਬੇ ਪਟੜੀ ਤੋਂ ਉਤਰ ਗਏ ਅਤੇ ਕੁਝ ਡੱਬੇ ਢਲਾਣ ਤੋਂ ਹੇਠਾਂ ਜਾ ਡਿੱਗੇ। ਬਚਾਅ ਟੀਮਾਂ ਵੱਲੋਂ ਮਲਬੇ ਵਿੱਚ ਫਸੇ ਲੋਕਾਂ ਦੀ ਭਾਲ ਅਤੇ ਰਾਹਤ ਕਾਰਜ ਜਾਰੀ ਰੱਖੇ ਗਏ।
73 ਲੋਕ ਹਸਪਤਾਲ ਦਾਖ਼ਲ, ਕਈਆਂ ਦੀ ਹਾਲਤ ਗੰਭੀਰ
ਕਾਸਤੀਲਾ-ਲਾ ਮਾਂਚਾ ਖੇਤਰ ਦੇ ਆਗੂ ਐਮੀਲਿਆਨੋ ਗਾਰਸੀਆ-ਪੇਜ ਮੁਤਾਬਕ, ਹਾਦਸੇ ਤੋਂ ਬਾਅਦ 73 ਲੋਕਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ, ਜਿਨ੍ਹਾਂ ਵਿੱਚੋਂ 15 ਦੀ ਹਾਲਤ ਗੰਭੀਰ ਦੱਸੀ ਗਈ। ਅਧਿਕਾਰੀਆਂ ਨੇ ਖਦਸ਼ਾ ਜਤਾਇਆ ਕਿ ਬਚਾਅ ਕਾਰਜਾਂ ਦੌਰਾਨ ਮੌਤਾਂ ਦੀ ਗਿਣਤੀ ਵਧ ਸਕਦੀ ਹੈ।
ਸਪੇਨ ‘ਚ ਤਿੰਨ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ
ਹਾਦਸੇ ਤੋਂ ਬਾਅਦ ਸਪੇਨ ਦੇ ਪ੍ਰਧਾਨ ਮੰਤਰੀ ਪੇਦਰੋ ਸਾਂਚੇਜ਼ ਨੇ 29 ਤੋਂ 31 ਅਕਤੂਬਰ ਤੱਕ ਤਿੰਨ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਹਾਦਸੇ ਦੀ ਪੂਰੀ ਜਾਂਚ ਕਰਵਾਉਣ ਅਤੇ ਇਸ ਦੇ ਪਿੱਛੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦਾ ਭਰੋਸਾ ਦਿੱਤਾ।
ਟਰਾਂਸਪੋਰਟ ਮੰਤਰੀ ਨੇ ਸ਼ੁਰੂਆਤੀ ਜਾਂਚ ਦੇ ਹਵਾਲੇ ਨਾਲ ਮਨੁੱਖੀ ਗਲਤੀ ਦੀ ਸੰਭਾਵਨਾ ਵੀ ਜਤਾਈ। ਉਨ੍ਹਾਂ ਮੁਤਾਬਕ, ਰੇਲਵੇ ਦੇ LZB ਸਿਗਨਲਿੰਗ ਸਿਸਟਮ ਵਿੱਚ ਉਸ ਸਵੇਰ ਕੰਪਿਊਟਰ ਨਾਲ ਜੁੜੀ ਖ਼ਰਾਬੀ ਆਉਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਕਾਰਨ ਕੁਝ ਟ੍ਰੇਨਾਂ ਨੂੰ ਰੋਕਣਾ ਪਿਆ ਸੀ ਅਤੇ ਬਾਅਦ ਵਿੱਚ ਰੇਲ ਆਵਾਜਾਈ ਨੂੰ ਮੁੜ ਚਲਾਉਣ ਸਬੰਧੀ ਨਿਰਦੇਸ਼ ਦਿੱਤੇ ਗਏ।
ਹਾਲਾਂਕਿ, ਇਹ ਸਿਰਫ਼ ਸ਼ੁਰੂਆਤੀ ਜਾਣਕਾਰੀ ਹੈ। ਹਾਦਸੇ ਦੇ ਅਸਲ ਕਾਰਨਾਂ ਅਤੇ ਕਿਸੇ ਵੀ ਸੰਭਾਵਿਤ ਲਾਪਰਵਾਹੀ ਦੀ ਜ਼ਿੰਮੇਵਾਰੀ ਬਾਰੇ ਅੰਤਿਮ ਨਤੀਜਾ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗਾ।
ਇਸ ਸਾਲ ਸਪੇਨ ਵਿੱਚ ਦੂਜਾ ਵੱਡਾ ਰੇਲ ਹਾਦਸਾ
ਇਸ ਹਾਦਸੇ ਨੇ ਸਪੇਨ ਦੇ ਹਾਈ-ਸਪੀਡ ਰੇਲ ਨੈੱਟਵਰਕ ਦੀ ਸੁਰੱਖਿਆ ਨੂੰ ਲੈ ਕੇ ਮੁੜ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਜਨਵਰੀ ਵਿੱਚ ਅਦਾਮੂਜ਼ ਵਿਖੇ ਹੋਏ ਰੇਲ ਹਾਦਸੇ ਵਿੱਚ 46 ਲੋਕਾਂ ਦੀ ਜਾਨ ਚਲੀ ਗਈ ਸੀ। ਉਸ ਹਾਦਸੇ ਵਿੱਚ ਵੀ Renfe ਅਤੇ Iryo ਕੰਪਨੀਆਂ ਦੀਆਂ ਟ੍ਰੇਨਾਂ ਸ਼ਾਮਲ ਸਨ।
ਪ੍ਰਧਾਨ ਮੰਤਰੀ ਸਾਂਚੇਜ਼ ਨੇ ਕਿਹਾ ਕਿ ਦੋਵਾਂ ਹਾਦਸਿਆਂ ਦੇ ਕਾਰਨ ਵੱਖਰੇ ਹੋ ਸਕਦੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਰੇਲਵੇ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਅਤੇ ਲੋਕਾਂ ਦਾ ਭਰੋਸਾ ਕਾਇਮ ਰੱਖਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ।
ਇਸ ਦੌਰਾਨ ਉਰਦਾ ਦੇ ਸਥਾਨਕ ਵਸਨੀਕ ਵੀ ਰਾਹਤ ਕਾਰਜਾਂ ਵਿੱਚ ਮਦਦ ਲਈ ਅੱਗੇ ਆਏ। ਲੋਕਾਂ ਨੇ ਜ਼ਖ਼ਮੀਆਂ ਅਤੇ ਬਚੇ ਹੋਏ ਯਾਤਰੀਆਂ ਲਈ ਦਵਾਈਆਂ, ਕੰਬਲ, ਪਾਣੀ ਅਤੇ ਮੁੱਢਲੀ ਸਹਾਇਤਾ ਦਾ ਸਾਮਾਨ ਪਹੁੰਚਾਇਆ। ਪ੍ਰਭਾਵਿਤ ਲੋਕਾਂ ਅਤੇ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਸਥਾਨਕ ਇਮਾਰਤਾਂ ਨੂੰ ਵੀ ਰਾਹਤ ਕੇਂਦਰਾਂ ਵਜੋਂ ਵਰਤਿਆ ਗਿਆ
