ਇੰਡੀਆਨਾ (ਅਮਰੀਕਾ): ਅਮਰੀਕਾ ਦੇ ਇੰਡੀਆਨਾ ਸੂਬੇ ਵਿੱਚ ਇੱਕ ਪੰਜਾਬੀ ਨੌਜਵਾਨ ਵੱਲੋਂ ਚਲਾਏ ਜਾ ਰਹੇ ਟਰੱਕ ਕਾਰਨ ਵੱਡਾ ਹਾਦਸਾ ਹੋਇਆ ਆ, ਇਸ ਭਿਆਨਕ ਸੜਕ ਹਾਦਸੇ ਵਿੱਚ ਇੱਕ 64 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲਿਸ ਨੇ ਮੁਲਜ਼ਮ ਡਰਾਈਵਰ ਦੀ ਪਛਾਣ ਸੁਖਦੀਪ ਸਿੰਘ (25) ਵਜੋਂ ਕੀਤੀ ਹੈ। ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਸੁਖਦੀਪ ਸਿੰਘ ਅਮਰੀਕਾ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਸੀ, ਜਿਸ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ
ਕਿਵੇਂ ਵਾਪਰਿਆ ਹਾਦਸਾ?
ਰਿਪੋਰਟਾਂ ਅਨੁਸਾਰ ਇਹ ਦਰਦਨਾਕ ਹਾਦਸਾ ਇੰਡੀਆਨਾਪੋਲਿਸ ਦੇ ਪੱਛਮ ਵਿੱਚ ਸਥਿਤ ਹੈਂਡਰਿਕਸ ਕਾਉਂਟੀ ਵਿੱਚ ਵਾਪਰਿਆ। ਚਸ਼ਮਦੀਦਾਂ ਨੇ ਦੱਸਿਆ ਕਿ ਦੁਪਹਿਰ ਵੇਲੇ ਸੁਖਦੀਪ ਸਿੰਘ ਨੇ ਲਾਲ ਬੱਤੀ ਦੀ ਉਲੰਘਣਾ ਕੀਤੀ ਅਤੇ ਆਪਣਾ ਤੇਜ਼ ਰਫ਼ਤਾਰ ਸੈਮੀ-ਟਰੱਕ ਇੱਕ ਚਿੱਟੇ ਰੰਗ ਦੇ ਪਿਕਅੱਪ ਟਰੱਕ ਵਿੱਚ ਮਾਰਿਆ।
ਹਾਦਸਾ ਇੰਨਾ ਭਿਆਨਕ ਸੀ ਕਿ ਪਿਕਅੱਪ ਟਰੱਕ ਦੇ ਡਰਾਈਵਰ, ਟੈਰੀ ਸ਼ੁਲਟਜ਼ (64) ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇੱਕ ਚਸ਼ਮਦੀਦ, ਕੇਟ ਬ੍ਰੀਡਲੋਵ ਨੇ ਦੱਸਿਆ ਕਿ ਉਹ ਖੁਦ ਇਸ ਹਾਦਸੇ ਦੀ ਲਪੇਟ ਵਿੱਚ ਆਉਣੋਂ ਵਾਲ-ਵਾਲ ਬਚੀ ਅਤੇ ਉਸਨੇ ਤੁਰੰਤ ਪੀੜਤ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖਲ ਹੋਇਆ ਸੀ ਸੁਖਦੀਪ
ਅਮਰੀਕੀ ਅਧਿਕਾਰੀਆਂ ਅਨੁਸਾਰ, ਸੁਖਦੀਪ ਸਿੰਘ 2018 ਵਿੱਚ ਇੱਕ ਨਾਬਾਲਗ ਵਜੋਂ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਦੇ ਹੋਏ ਫੜਿਆ ਗਿਆ ਸੀ। ਪਰ 1997 ਦੇ ‘ਫਲੋਰਸ ਕੰਸੈਂਟ ਡਿਕਰੀ’ ਨਿਯਮ ਤਹਿਤ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ, ਜਿਸ ਅਨੁਸਾਰ ਨਾਬਾਲਗਾਂ ਨੂੰ ਹਿਰਾਸਤ ਵਿੱਚ ਰੱਖਣ ਦੀ ਬਜਾਏ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ ਜਾਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਗੈਰ-ਕਾਨੂੰਨੀ ਹੋਣ ਦੇ ਬਾਵਜੂਦ ਉਸ ਨੇ ਮਈ 2025 ਵਿੱਚ ਕਮਰਸ਼ੀਅਲ ਡਰਾਈਵਿੰਗ ਲਾਇਸੰਸ (CDL) ਪ੍ਰਾਪਤ ਕਰ ਲਿਆ ਸੀ।
ਪ੍ਰਸ਼ਾਸਨ ਨੇ ਜਤਾਈ ਚਿੰਤਾ
ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ (DHS) ਨੇ ਇਸ ਘਟਨਾ ‘ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। DHS ਨੇ ਇੱਕ ਬਿਆਨ ਵਿੱਚ ਕਿਹਾ:
“ਗੈਰ-ਕਾਨੂੰਨੀ ਪ੍ਰਵਾਸੀਆਂ ਲਈ, ਜਿਨ੍ਹਾਂ ਨੂੰ ਅਕਸਰ ਸਾਡੇ ਟ੍ਰੈਫਿਕ ਨਿਯਮਾਂ ਜਾਂ ਅੰਗਰੇਜ਼ੀ ਭਾਸ਼ਾ ਦੀ ਸਹੀ ਜਾਣਕਾਰੀ ਨਹੀਂ ਹੁੰਦੀ, ਅਮਰੀਕਾ ਦੀਆਂ ਸੜਕਾਂ ‘ਤੇ ਸੈਮੀ-ਟਰੱਕ ਚਲਾਉਣਾ ਬਹੁਤ ਖ਼ਤਰਨਾਕ ਹੈ। ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਸੀ।”
ਅਜਿਹੇ ਹੋਰ ਮਾਮਲੇ
ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਪਿਛਲੇ ਕੁਝ ਹਫ਼ਤਿਆਂ ਵਿੱਚ ਅਮਰੀਕਾ ਵਿੱਚ ਗੈਰ-ਕਾਨੂੰਨੀ ਟਰੱਕ ਡਰਾਈਵਰਾਂ ਕਾਰਨ ਕਈ ਹਾਦਸੇ ਵਾਪਰੇ ਹਨ:
ਕਜ਼ਾਕਿਸਤਾਨ ਦਾ ਇੱਕ ਡਰਾਈਵਰ ਬੇਕਜ਼ਾਨ ਬੇਸ਼ੇਕੇਵ ਵੀ ਇੱਕ ਹਾਦਸੇ ਵਿੱਚ ਸ਼ਾਮਲ ਸੀ ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ।
ਅਗਸਤ 2025 ਵਿੱਚ, ਇੱਕ ਹੋਰ ਭਾਰਤੀ ਮੂਲ ਦੇ ਗੈਰ-ਕਾਨੂੰਨੀ ਪ੍ਰਵਾਸੀ ਹਰਜਿੰਦਰ ਸਿੰਘ ਕਾਰਨ ਵਾਪਰੇ ਹਾਦਸੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਸੀ।
ਮੁਲਜ਼ਮ ਸੁਖਦੀਪ ਸਿੰਘ ਇਸ ਵੇਲੇ ਅਮਰੀਕਾ ਦੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ (ICE) ਦੀ ਹਿਰਾਸਤ ਵਿੱਚ ਹੈ ਅਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਜਾਰੀ ਹੈ
