ਅੰਮ੍ਰਿਤਸਰ : ਪਿਛਲੇ ਦਿਨੀ ਜਲੰਧਰ ਚ’ 114 ਸਾਲ ਦੀ ਉਮਰ ਵਿੱਚ ਫੌਜਾਂ ਸਿੰਘ ਦਾ ਸੜਕ ਹਾਦਸੇ ਚ’ ਦੇਹਾਂਤ ਹੋ ਗਿਆ ਸੀ ਤੇ ਪ੍ਰਸਿੱਧ ਮੈਰਾਥਨ ਦੌੜਾਕ ਸਰਦਾਰ ਫੌਜਾ ਸਿੰਘ ਨੂੰ ਸਮਰਪਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇੱਕ ਦਿਨਾ ਸਮਾਰੋਹ ਦੇ ਰੂਪ ਵਿੱਚ ਸ਼ਰਧਾਂਜਲੀ ਭੇਟ ਕੀਤੀ ਗਈ। ਇਹ ਸਮਾਰੋਹ ਯੂਨੀਵਰਸਿਟੀ ਕੈਂਪਸ ਵਿੱਚ ਆਯੋਜਿਤ ਕੀਤਾ ਗਿਆ। ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਐਲਾਨ ਕੀਤਾ ਕਿ ਯੂਨੀਵਰਸਿਟੀ ਹਰ ਸਾਲ ਸਰਦਾਰ ਫੌਜਾ ਸਿੰਘ ਦੀ ਯਾਦ ਵਿੱਚ ਇੱਕ ਸਮਾਗਮ ਸਮਾਰੋਹ ਆਯੋਜਿਤ ਕਰੇਗੀ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੀ ਜ਼ਿੰਦਗੀ ਅਤੇ ਉਪਲਬਧੀਆਂ ਤੋਂ ਪ੍ਰੇਰਨਾ ਲੈ ਸਕਣ।
ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਭਵਨ ਦੇ ਸੰਸਥਾਪਕ ਸੁੱਖੀ ਬਾਠ, ਜੋ ਕਿ ਪ੍ਰਸਿੱਧ ਲੇਖਕ ਅਤੇ ਸਮਾਜ ਸੇਵੀ ਸਨ, ਉਨ੍ਹਾਂ ਨੇ ਇੱਕ ਯਾਦ ਸਾਂਝੀ ਕਰਦਿਆਂ ਕਿਹਾ: “ਮੇਰੇ ਪਿਤਾ ਦੀ ਆਖ਼ਰੀ ਖਵਾਹਿਸ਼ ਸੀ ਕਿ ਉਹ ਫੌਜਾ ਸਿੰਘ ਨੂੰ ਦੇਖਣ ਤੇ ਜਦੋਂ ਉਨ੍ਹਾਂ ਨੇ ਉਨ੍ਹਾਂ ਨੂੰ ਦੇਖਿਆ, ਤਾਂ ਕਿਹਾ, ‘ਪੁੱਤ, ਅੱਜ ਮੈਂ ਰੱਬ ਦੇ ਦਰਸ਼ਨ ਕਰ ਲਏ। ਜਿੱਥੇ ਅੱਜ ਕੱਲ੍ਹ ਦਾ ਨੌਜਵਾਨ ਮੋਹ ਮਾਇਆ ਦੇ ਪਿੱਛੇ ਭੱਜ ਰਿਹਾ ਹੈ, ਉਥੇ ਸਰਦਾਰ ਫੌਜਾ ਸਿੰਘ ਦੀ ਜ਼ਿੰਦਗੀ ਸਾਨੂੰ ਸਿੱਖਿਆ ਦਿੰਦੀ ਹੈ ਕਿ ਅਸਲ ਵਿਰਾਸਤ ਪਿਆਰ, ਇਮਾਨਦਾਰੀ ਅਤੇ ਸੰਤੋਖ ਵਿੱਚ ਹੈ, ਤੇ ਜੋ ਸਾਦਗੀ ਅਤੇ ਅਨੁਸ਼ਾਸਨ ਰਾਹੀਂ ਮਿਲਦੀ ਹੈ।
ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਫੌਜਾ ਸਿੰਘ ਦੀ ਯਾਦ ਵਿੱਚ ਇੱਕ ਰੁੱਖ ਲਗਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਉਨ੍ਹਾਂ ਦੀ ਅਸਾਧਾਰਨ ਯਾਤਰਾ ਨੂੰ ਉਜਾਗਰ ਕਰਨ ਵਾਲੀ ਇੱਕ ਵਿਸ਼ੇਸ਼ ਡਾਕੂਮੈਂਟਰੀ ਵੀ ਦਿਖਾਈ ਗਈ। ਪ੍ਰਸਿੱਧ ਲੇਖਕ ਸ਼੍ਰੀ ਸੌਰਵ ਦੁੱਗਲ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਫੌਜਾ ਸਿੰਘ ਨੂੰ ਸਦੀਆਂ ਤੱਕ ਪ੍ਰੇਰਨਾ ਸਰੋਤ ਬਣੇ ਰਹਿਣ ਵਾਲੀ ਸ਼ਖਸੀਅਤ ਦੱਸਿਆ।
ਸਮਾਗਮ ਦੀ ਸ਼ੁਰੂਆਤ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਅਮਨਦੀਪ ਸਿੰਘ ਦੇ ਸੁਆਗਤੀ ਭਾਸ਼ਣ ਨਾਲ ਹੋਈ। ਅੰਤ ਵਿੱਚ ਡਾ. ਬਲਜਿੰਦਰ ਸਿੰਘ ਬੱਲ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਵਾਈਸ-ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਹੇਠ ਅਜਿਹੇ ਸਮਾਗਮ ਨਿਰੰਤਰ ਜਾਰੀ ਰਹਿਣਗੇ। ਸਟੇਜ ਦਾ ਸੰਚਾਲਨ ਡਾ. ਪਰਮਿੰਦਰ ਸਿੰਘ ਦੁਆਰਾ ਬਾਖੂਬੀ ਕੀਤਾ ਗਿਆ।
ਇਸ ਮੌਕੇ ਫੌਜਾ ਸਿੰਘ ਦੇ ਪਰਿਵਾਰਕ ਮੈਂਬਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ, ਜਿਨ੍ਹਾਂ ਵਿੱਚ ਉਨ੍ਹਾਂ ਦੇ ਸਪੁੱਤਰ ਸ. ਹਰਿੰਦਰ ਸਿੰਘ, ਜਵਾਈ ਸ. ਸੁਖਵੰਤ ਸਿੰਘ, ਭਤੀਜਾ ਸ. ਪਰਮਜੀਤ ਸਿੰਘ, ਪਿੰਡ ਬਿਆਸ, ਜਲੰਧਰ ਦੇ ਸਰਪੰਚ ਸ. ਹਰਸ਼ਲਿੰਦਰ ਸਿੰਘ, ਅਤੇ ਪੋਤਾ ਹਰਲੀਨਵੰਤ ਸਿੰਘ ਸ਼ਾਮਲ ਸਨ। ਇਸ ਸ਼ਰਧਾਂਜਲੀ ਸਮਾਗਮ ਨੇ ਇੱਕ ਵਾਰ ਫਿਰ ਫੌਜਾ ਸਿੰਘ ਦੀ ਵਿਸ਼ਵ ਵਿਰਾਸਤ ਨੂੰ ਉਜਾਗਰ ਕੀਤਾ, ਜਿਨ੍ਹਾਂ ਨੇ “ਟਰਬਨਡ ਟੋਰਨੇਡੋ” ਵਜੋਂ ਉਮਰ ਦੀਆਂ ਹੱਦਾਂ ਤੋੜਦਿਆਂ 89 ਸਾਲ ਦੀ ਉਮਰ ਵਿੱਚ ਲੰਡਨ ਮੈਰਾਥਨ ਸਮੇਤ ਨੌਂ ਮੈਰਾਥਨ ਦੌੜੀਆਂ ਅਤੇ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਆਪਣੀ ਖਾਸ ਥਾਂ ਬਣਾਈ


ਸਰਦਾਰ ਫੌਜਾਂ ਸਿੰਘ ਦੀ ਯਾਦ ਦੇ ਵਿੱਚ ਯੂਨੀਵਰਸਿਟੀ ਚ’ ਬੂਟਾ ਲਗਾਉਂਦੇ ਹੋਏ


