
ਚੰਡੀਗੜ੍ਹ: ਸਤਲੁਜ-ਯਮੁਨਾ ਲਿੰਕ (SYL) ਨਹਿਰ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੇ ਪੰਜਾਬ ਅਤੇ ਹਰਿਆਣਾ ਦਰਮਿਆਨੀ ਵਿਵਾਦ ‘ਤੇ 27 ਜਨਵਰੀ ਨੂੰ ਚੰਡੀਗੜ੍ਹ ਵਿੱਚ ਇੱਕ ਅਹਿਮ ਬੈਠਕ ਆਯੋਜਿਤ ਕੀਤੀ ਜਾਵੇਗੀ। ਇਹ ਬੈਠਕ ਦੋਵੇਂ ਰਾਜਾਂ ਵਿਚਾਲੇ ਪਾਣੀ ਵੰਡ ਸਬੰਧੀ ਚੱਲ ਰਹੇ ਤਕਰਾਰ ਦੇ ਹੱਲ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ ਦੇਖੀ ਜਾ ਰਹੀ ਹੈ।
ਮੁੱਖ ਮੰਤਰੀ ਖੁਦ ਲੈਣਗੇ ਹਿੱਸਾ
ਇਸ ਉੱਚ ਪੱਧਰੀ ਬੈਠਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਖੁਦ ਸ਼ਾਮਲ ਹੋਣਗੇ। ਉਨ੍ਹਾਂ ਦੇ ਨਾਲ ਹੀ ਦੋਵੇਂ ਰਾਜਾਂ ਦੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਅਤੇ ਪਾਣੀ ਸਰੋਤਾਂ ਨਾਲ ਜੁੜੇ ਵਿਭਾਗਾਂ ਦੇ ਉੱਚ ਅਧਿਕਾਰੀ ਵੀ ਮੌਜੂਦ ਰਹਿਣਗੇ।
27 ਜਨਵਰੀ ਸਵੇਰੇ 9:30 ਵਜੇ ਹੋਵੇਗੀ ਮੀਟਿੰਗ
ਸੂਤਰਾਂ ਅਨੁਸਾਰ ਇਹ ਬੈਠਕ 27 ਜਨਵਰੀ ਸਵੇਰੇ 9:30 ਵਜੇ ਚੰਡੀਗੜ੍ਹ ਸਥਿਤ ਹਰਿਆਣਾ ਨਿਵਾਸ ਵਿੱਚ ਹੋਵੇਗੀ। ਬੈਠਕ ਦੌਰਾਨ SYL ਨਹਿਰ ਨਾਲ ਜੁੜੇ ਸਾਰੇ ਪੱਖਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ ਅਤੇ ਵਿਵਾਦ ਦਾ ਕੋਈ ਟਿਕਾਊ ਤੇ ਸਹਿਮਤੀ ਵਾਲਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਪਹਿਲਾਂ ਵੀ ਹੋ ਚੁੱਕੀਆਂ ਹਨ ਕਈ ਬੈਠਕਾਂ
ਗੌਰਤਲਬ ਹੈ ਕਿ SYL ਨਹਿਰ ਵਿਵਾਦ ਦੇ ਨਿਪਟਾਰੇ ਲਈ ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਦੀ ਪਹਲ ‘ਤੇ ਪੰਜਾਬ ਅਤੇ ਹਰਿਆਣਾ ਵਿਚਾਲੇ ਕਈ ਵਾਰ ਬੈਠਕਾਂ ਹੋ ਚੁੱਕੀਆਂ ਹਨ, ਪਰ ਅਜੇ ਤੱਕ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆ ਸਕਿਆ। ਇਸ ਕਾਰਨ ਦੋਵੇਂ ਰਾਜਾਂ ਵਿਚਾਲੇ ਪਾਣੀ ਵੰਡ ਦਾ ਮਸਲਾ ਅਜੇ ਵੀ ਬਣਿਆ ਹੋਇਆ ਹੈ।
ਸਭ ਦੀ ਨਜ਼ਰ 27 ਜਨਵਰੀ ਦੀ ਬੈਠਕ ‘ਤੇ
27 ਜਨਵਰੀ ਨੂੰ ਹੋਣ ਵਾਲੀ ਇਹ ਮੀਟਿੰਗ ਦੋਵੇਂ ਰਾਜਾਂ ਲਈ ਕਾਫ਼ੀ ਅਹੰਮ ਮੰਨੀ ਜਾ ਰਹੀ ਹੈ। ਰਾਜਨੀਤਕ ਹਲਕਿਆਂ ਤੋਂ ਲੈ ਕੇ ਆਮ ਲੋਕਾਂ ਤੱਕ, ਸਭ ਦੀ ਨਜ਼ਰ ਇਸ ਬੈਠਕ ‘ਤੇ ਟਿਕੀ ਹੋਈ ਹੈ ਕਿ ਕੀ ਇਸ ਵਾਰ SYL ਨਹਿਰ ਵਿਵਾਦ ਨੂੰ ਲੈ ਕੇ ਕੋਈ ਠੋਸ ਅਤੇ ਸਥਾਈ ਹੱਲ ਨਿਕਲ ਸਕੇਗਾ ਜਾਂ ਨਹੀਂ।