ਦਿੱਲੀ ਤੋਂ ਬਿਲਾਸਪੁਰ ਜਾ ਰਹੀ ਫਲਾਈਟ ਦਾ ਲੈਂਡਿੰਗ ਸਮੇਂ ਫਟਿਆ ਟਾਇਰ, ਵਾਲ-ਵਾਲ ਬਚੇ ਲੋਕ

ਬਿਲਾਸਪੁਰ: ਦਿੱਲੀ ਤੋਂ ਛੱਤੀਸਗੜ੍ਹ ਦੇ ਬਿਲਾਸਪੁਰ ਲਈ ਉਡਾਣ ਭਰਨ ਵਾਲੀ Alliance Air ਦੀ ਇੱਕ ਫਲਾਈਟ ਨਾਲ ਲੈਂਡਿੰਗ ਦੌਰਾਨ ਹਾਦਸਾ ਵਾਪਰ ਗਿਆ। ਬਿਲਾਸਪੁਰ ਏਅਰਪੋਰਟ ’ਤੇ ਉਤਰਦੇ ਸਮੇਂ ਜਹਾਜ਼ ਦਾ ਖੱਬੇ ਪਾਸੇ ਵਾਲਾ ਟਾਇਰ ਫਟ ਗਿਆ। ਹਾਲਾਂਕਿ, ਇਸ ਘਟਨਾ ਵਿੱਚ ਕਿਸੇ ਵੀ ਯਾਤਰੀ ਜਾਂ ਕਰੂ ਮੈਂਬਰ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ

ਜਾਣਕਾਰੀ ਮੁਤਾਬਕ, ਫਲਾਈਟ 9I613 ਵਿੱਚ ਕੁੱਲ 37 ਯਾਤਰੀ ਅਤੇ 4 ਕਰੂ ਮੈਂਬਰ, ਯਾਨੀ 41 ਲੋਕ ਸਵਾਰ ਸਨ। ਜਹਾਜ਼ ਨੇ ਸ਼ੁੱਕਰਵਾਰ ਸਵੇਰੇ ਕਰੀਬ 11 ਵਜੇ ਬਿਲਾਸਪੁਰ ਏਅਰਪੋਰਟ ’ਤੇ ਲੈਂਡ ਕੀਤਾ, ਜਿਸ ਦੌਰਾਨ ਇਸ ਦੇ ਖੱਬੇ ਪਾਸੇ ਦੇ ਟਾਇਰ ਵਿੱਚ ਖਰਾਬੀ ਆ ਗਈ

ਸਾਰੇ ਯਾਤਰੀ ਸੁਰੱਖਿਅਤ

ਘਟਨਾ ਤੋਂ ਬਾਅਦ ਜਹਾਜ਼ ਵਿੱਚ ਮੌਜੂਦ ਸਾਰੇ ਯਾਤਰੀਆਂ ਅਤੇ ਕਰੂ ਮੈਂਬਰਾਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢ ਲਿਆ ਗਿਆ। ਉਨ੍ਹਾਂ ਨੂੰ ਰਨਵੇ ਤੋਂ ਟਰਮੀਨਲ ਬਿਲਡਿੰਗ ਤੱਕ ਪਹੁੰਚਾਇਆ ਗਿਆ। ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।

ਅਗਲੀ ਉਡਾਣ ਵੀ ਕੀਤੀ ਗਈ ਰੱਦ

ਟਾਇਰ ਫਟਣ ਤੋਂ ਬਾਅਦ ਜਹਾਜ਼ ਨੂੰ ਏਅਰਪੋਰਟ ’ਤੇ ਹੀ ਰੱਖਿਆ ਗਿਆ। ਇਸ ਘਟਨਾ ਦੇ ਚਲਦਿਆਂ Alliance Air ਵੱਲੋਂ ਬਿਲਾਸਪੁਰ ਤੋਂ ਅੱਗੇ ਜਾਣ ਵਾਲੀ ਨਿਰਧਾਰਤ ਉਡਾਣ ਨੂੰ ਵੀ ਰੱਦ ਕਰ ਦਿੱਤਾ ਗਿਆ

ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਜਹਾਜ਼ ਦੇ ਟਾਇਰ ਵਿੱਚ ਖਰਾਬੀ ਕਿਸ ਕਾਰਨ ਆਈ। ਏਅਰਪੋਰਟ ਅਤੇ ਏਅਰਲਾਈਨ ਦੀਆਂ ਤਕਨੀਕੀ ਟੀਮਾਂ ਵੱਲੋਂ ਜਹਾਜ਼ ਦੀ ਜਾਂਚ ਕੀਤੇ ਜਾਣ ਦੀ ਸੰਭਾਵਨਾ ਹੈ। ਜਾਂਚ ਤੋਂ ਬਾਅਦ ਹੀ ਟਾਇਰ ਫੇਲ੍ਹ ਹੋਣ ਦੇ ਅਸਲ ਕਾਰਨਾਂ ਬਾਰੇ ਸਪੱਸ਼ਟ ਜਾਣਕਾਰੀ ਸਾਹਮਣੇ ਆਵੇਗੀ