ਨਵੀਂ ਦਿੱਲੀ: ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ (IGI) ਐੇਅਰਪੋਰਟ ‘ਤੇ ਕਸਟਮ ਵਿਭਾਗ ਨੇ ਸੋਨੇ ਦੀ ਤਸਕਰੀ ਦੇ ਇੱਕ ਵੱਡੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਏਅਰ ਇੰਟੈਲੀਜੈਂਸ ਯੂਨਿਟ (AIU) ਦੇ ਅਧਿਕਾਰੀਆਂ ਨੇ ਸੈਨ ਫਰਾਂਸਿਸਕੋ ਤੋਂ ਆਏ ਇੱਕ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ (NRI) ਨੂੰ 115 ਸੋਨੇ ਦੀਆਂ ਇੱਟਾਂ (ਬਿਸਕੁਟਾਂ) ਸਮੇਤ ਗ੍ਰਿਫ਼ਤਾਰ ਕੀਤਾ ਹੈ। ਜ਼ਬਤ ਕੀਤੇ ਗਏ ਸੋਨੇ ਦਾ ਕੁੱਲ ਵਜ਼ਨ ਲਗਭਗ 3.56 ਕਿੱਲੋਗ੍ਰਾਮ (3,565 ਗ੍ਰਾਮ) ਦੱਸਿਆ ਜਾ ਰਿਹਾ ਹੈ
ਖ਼ਾਸ ਤਰੀਕੇ ਨਾਲ ਡਿਜ਼ਾਈਨ ਕੀਤੀ ਬੈਲਟ ‘ਚ ਸੀ ਸੋਨਾ
ਕਸਟਮ ਅਧਿਕਾਰੀਆਂ ਮੁਤਾਬਕ ਇਹ ਮੁਸਾਫ਼ਰ 15 ਮਈ ਨੂੰ ਸੈਨ ਫਰਾਂਸਿਸਕੋ ਤੋਂ ਦਿੱਲੀ ਪਹੁੰਚਿਆ ਸੀ। ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਉਸ ਨੇ ਬਿਨਾਂ ਡਿਊਟੀ ਦਿੱਤੇ ਚੋਰ ਰਸਤੇ (ਗ੍ਰੀਨ ਚੈਨਲ) ਰਾਹੀਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ। ਸ਼ੱਕ ਪੈਣ ‘ਤੇ ਜਦੋਂ ਹਵਾਈ ਅੱਡੇ ਦੀ ਸੁਰੱਖਿਆ ਟੀਮ ਨੇ ਉਸ ਦੀ ਬਾਰੀਕੀ ਨਾਲ ਤਲਾਸ਼ੀ ਲਈ, ਤਾਂ ਅਧਿਕਾਰੀ ਵੀ ਹੈਰਾਨ ਰਹਿ ਗਏ
ਕਿਵੇਂ ਕੀਤੀ ਗਈ ਸੀ ਤਸਕਰੀ?
ਮੁਲਜ਼ਮ ਨੇ ਸੋਨੇ ਨੂੰ ਛੁਪਾਉਣ ਲਈ ਇੱਕ ਖ਼ਾਸ ਕਿਸਮ ਦੀ ਬੈਲਟ ਤਿਆਰ ਕੀਤੀ ਹੋਈ ਸੀ। ਇਸ ਤੋਂ ਇਲਾਵਾ ਉਸ ਨੇ ਆਪਣੀ ਪੈਂਟ ਦੇ ਅੰਦਰ ਵੀ ਗੁਪਤ ਜੇਬਾਂ ਬਣਾਈਆਂ ਹੋਈਆਂ ਸਨ, ਜਿਨ੍ਹਾਂ ਵਿੱਚ 24 ਕੈਰੇਟ ਸ਼ੁੱਧਤਾ ਵਾਲੇ ਸੋਨੇ ਦੇ 115 ਬਿਸਕੁਟ ਲੁਕਾਏ ਹੋਏ ਸਨ
ਕਸਟਮ ਡਿਊਟੀ ਵਧਣ ਨਾਲ ਵਧੀ ਤਸਕਰੀ?
ਸੀਨੀਅਰ ਕਸਟਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਸੋਨੇ ‘ਤੇ ਕਸਟਮ ਡਿਊਟੀ (ਆਯਾਤ ਡਿਊਟੀ) 6 ਫ਼ੀਸਦੀ ਤੋਂ ਵਧਾ ਕੇ 15 ਫ਼ੀਸਦੀ ਕੀਤੇ ਜਾਣ ਤੋਂ ਬਾਅਦ ਅਜਿਹੇ ਮਾਮਲਿਆਂ ਵਿੱਚ ਤੇਜ਼ੀ ਆਈ ਹੈ। ਡਿਊਟੀ ਵਧਣ ਕਾਰਨ ਬਲੈਕ ਮਾਰਕੀਟ ਵਿੱਚ ਮੁਨਾਫ਼ਾ ਕਾਫ਼ੀ ਜ਼ਿਆਦਾ ਹੋ ਗਿਆ ਹੈ, ਜਿਸ ਕਰਕੇ ਅੰਤਰਰਾਸ਼ਟਰੀ ਸਮੱਗਲਰ ਹੁਣ ਨਵੇਂ-ਨਵੇਂ ਅਤੇ ਗੁੰਝਲਦਾਰ ਤਰੀਕਿਆਂ ਨਾਲ ਸੋਨਾ ਭਾਰਤ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ
ਕਾਨੂੰਨੀ ਕਾਰਵਾਈ
ਕਸਟਮ ਵਿਭਾਗ ਨੇ ਨਿਯਮਾਂ ਮੁਤਾਬਕ ਕਾਰਵਾਈ ਕਰਦਿਆਂ:
ਸਾਰੇ ਸੋਨੇ ਨੂੰ ਕਸਟਮ ਐਕਟ, 1962 ਦੀ ਧਾਰਾ 110 ਦੇ ਤਹਿਤ ਜ਼ਬਤ ਕਰ ਲਿਆ ਹੈ।
ਦੋਸ਼ੀ ਯਾਤਰੀ ਨੂੰ ਕਸਟਮ ਐਕਟ ਦੀ ਧਾਰਾ 104 ਦੇ ਤਹਿਤ ਗ੍ਰਿਫ਼ਤਾਰ ਕਰਕੇ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਇਸ ਦੇ ਪਿੱਛੇ ਸਰਗਰਮ ਪੂਰੇ ਨੈੱਟਵਰਕ ਦਾ ਪਤਾ ਲਗਾਇਆ ਜਾ ਸਕੇ

