ਪੰਜਾਬ ਅਤੇ ਚੰਡੀਗੜ੍ਹ ‘ਚ ਮੌਸਮ ਨੇ ਬਦਲਿਆ ਮਿਜਾਜ਼, ਅਗਲੇ 3 ਦਿਨਾਂ ਲਈ ਅਲਰਟ

ਚੰਡੀਗੜ੍ਹ, 28 ਮਈ: ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਦੇ ਲੋਕਾਂ ਨੂੰ ਅੱਜ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ। ਵੀਰਵਾਰ ਸਵੇਰੇ ਮੋਹਾਲੀ ਅਤੇ ਜਲੰਧਰ ਸਣੇ ਕਈ ਇਲਾਕਿਆਂ ਵਿੱਚ ਹਲਕੀ ਬੂੰਦਾਬਾਂਦੀ ਦੇਖਣ ਨੂੰ ਮਿਲੀ, ਜਿਸ ਨਾਲ ਮੌਸਮ ਦਾ ਮਿਜਾਜ਼ ਬਦਲ ਗਿਆ ਹੈ।

ਅਗਲੇ 3 ਦਿਨਾਂ ਲਈ ਅਲਰਟ: ਚੱਲਣਗੀਆਂ ਤੇਜ਼ ਹਵਾਵਾਂ ਤੇ ਪਵੇਗੀ ਗੜੇਮਾਰੀ

ਮੌਸਮ ਵਿਭਾਗ (IMD) ਮੁਤਾਬਕ ਆਉਣ ਵਾਲੇ ਤਿੰਨ ਦਿਨਾਂ ਤੱਕ ਖੇਤਰ ਵਿੱਚ ਮੌਸਮ ਖ਼ਰਾਬ ਰਹਿ ਸਕਦਾ ਹੈ। ਇਸ ਦੌਰਾਨ ਕਈ ਥਾਵਾਂ ‘ਤੇ ਗਰਜ-ਚਮਕ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। 60 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਝੱਖੜ/ਹਵਾਵਾਂ ਚੱਲ ਸਕਦੀਆਂ ਹਨ। ਕੁਝ ਇਲਾਕਿਆਂ ਵਿੱਚ ਮੀਂਹ ਦੇ ਨਾਲ-ਨਾਲ ਗੜੇਮਾਰੀ ਹੋਣ ਦੇ ਵੀ ਆਸਾਰ ਹਨ।

29 ਅਤੇ 30 ਮਈ ਨੂੰ ਜ਼ਿਆਦਾਤਰ ਹਿੱਸਿਆਂ ‘ਚ ਮੀਂਹ ਦੀ ਉਮੀਦ

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਅਨੁਸਾਰ 29 ਅਤੇ 30 ਮਈ ਨੂੰ ਮੌਸਮ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ। ਇਨ੍ਹਾਂ ਦੋ ਦਿਨਾਂ ਦੌਰਾਨ ਚੰਡੀਗੜ੍ਹ ਅਤੇ ਪੰਜਾਬ ਦੇ ਲਗਭਗ 51% ਤੋਂ 75% ਹਿੱਸਿਆਂ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਪੂਰੀ ਸੰਭਾਵਨਾ ਜਤਾਈ ਗਈ ਹੈ।

ਫ਼ਰੀਦਕੋਟ ਰਿਹਾ ਸਭ ਤੋਂ ਗਰਮ; ਤਾਪਮਾਨ ਆਮ ਨਾਲੋਂ ਵਧੇਰੇ

ਮੌਸਮ ਵਿੱਚ ਆਈ ਇਸ ਤਬਦੀਲੀ ਤੋਂ ਪਹਿਲਾਂ ਪਿਛਲੇ 24 ਘੰਟਿਆਂ ਦੌਰਾਨ ਗਰਮੀ ਦਾ ਕਹਿਰ ਜਾਰੀ ਰਿਹਾ। ਪਾਰਾ 1.4 ਡਿਗਰੀ ਸੈਲਸੀਅਸ ਹੋਰ ਚੜ੍ਹ ਗਿਆ, ਜੋ ਕਿ ਆਮ ਤਾਪਮਾਨ ਨਾਲੋਂ 4.1 ਡਿਗਰੀ ਸੈਲਸੀਅਸ ਜ਼ਿਆਦਾ ਹੈ।  ਪੰਜਾਬ ਦਾ ਫ਼ਰੀਦਕੋਟ ਜ਼ਿਲ੍ਹਾ ਸਭ ਤੋਂ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਜਧਾਨੀ ਚੰਡੀਗੜ੍ਹ ਵਿੱਚ ਵੀ ਤਾਪਮਾਨ 43.1 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।